ਰੇਲਵੇ ਸਟੇਸ਼ਨ ਤੋਂ ਪਾਰਸਲ ਦੇ ਨਗਾਂ ’ਤੇ ਲਾਇਆ 7 ਲੱਖ ਰੁਪਏ ਦਾ ਜੁਰਮਾਨਾ, ਕਈ ਵਪਾਰੀਆਂ ਨੂੰ ਨੋਟਿਸ ਜਾਰੀ

10/27/2023 1:47:50 PM

ਜਲੰਧਰ (ਗੁਲਸ਼ਨ) : ਬੀਤੇ ਕੁਝ ਦਿਨ ਪਹਿਲਾਂ ਸਿਟੀ ਰੇਲਵੇ ਸਟੇਸ਼ਨ ਤੋਂ ਜੀ.ਐੱਸ.ਟੀ. ਦੇ ਮੋਬਾਇਲ ਵਿੰਗ ਵੱਲੋਂ ਜ਼ਬਤ ਕੀਤੇ ਗਏ 100 ਤੋਂ ਵੱਧ ਪਾਰਸਲਾਂ 'ਤੇ ਕਰੀਬ 7 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਮੋਬਾਇਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ-ਹੁਸ਼ਿਆਰਪੁਰ, ਦਾਦਰ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ ਆਦਿ ਰੇਲਗੱਡੀਆਂ ’ਚ ਰੋਜ਼ਾਨਾ ਸੈਂਕੜੇ ਨਗ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਰਹੇ ਹਨ, ਜਿਸ ’ਚ ਜ਼ਿਆਦਾਤਰ ਬਿਨਾਂ ਬਿੱਲ ਵਾਲਾ ਸਾਮਾਨ ਹੁੰਦਾ ਹੈ।

ਮੋਬਾਈਲ ਵਿੰਗ ਦੇ ਸਟੇਟ ਟੈਕਸ ਅਫ਼ਸਰ ਡੀ.ਐੱਸ. ਚੀਮਾ ਨੇ ਵੱਖ-ਵੱਖ ਦਿਨਾਂ ’ਚ ਸ਼ੱਕ ਦੇ ਆਧਾਰ 'ਤੇ 100 ਤੋਂ ਵੱਧ ਨਗ ਬਰਾਮਦ ਕੀਤੇ। ਉਪਰੋਕਤ ਆਈਟਮਾਂ ’ਚੋਂ ਜ਼ਿਆਦਾਤਰ ਨੂੰ ਖੇਡਾਂ ਦੇ ਜੁੱਤੇ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਉਪਰੋਕਤ ਸਾਰੇ ਨਗ ਉਸੇ ਪਾਰਸਲ ਏਜੰਟ ਵੱਲੋਂ ਮੰਗਵਾਏ ਗਏ ਸਨ ਜੋ ਸਟੇਸ਼ਨ ’ਤੇ ਲੰਬੇ ਸਮੇਂ ਤੋਂ ਸਰਗਰਮ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਤਿਉਹਾਰਾਂ ਦੇ ਸੀਜ਼ਨ ਕਾਰਨ ਪਾਰਸਲ ਏਜੰਟਾਂ ਵੱਲੋਂ ਅਜੇ ਵੀ ਸਾਮਾਨ ਮੰਗਵਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਸਟੇਟ ਟੈਕਸ ਅਫਸਰ ਸੁਖਜੀਤ ਸਿੰਘ, ਰਾਹੁਲ ਬਾਂਸਲ ਤੇ ਡੀ.ਐੱਸ. ਚੀਮਾ ਨੇ ਇਕ ਵਾਰ ਫਿਰ ਸਟੇਸ਼ਨ ’ਤੇ ਸਖਤ ਕਾਰਵਾਈ ਕੀਤੀ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਇਸ ਦੌਰਾਨ ਉਸ ਨੇ ਮੁੜ ਜਾਂਚ ਲਈ ਕਈ ਨਗਾਂ ਨੂੰ ਆਪਣੇ ਕਬਜ਼ੇ ’ਚ ਲਿਆ। ਜਾਣਕਾਰੀ ਅਨੁਸਾਰ ਵਿਭਾਗ ਦੀਆਂ ਅੱਖਾਂ ’ਚ ਮਿੱਟੀ ਪਾਉਣ ਲਈ ਉਕਤ ਮਾਲ ਦੇ ਨਾਲ-ਨਾਲ ਬਿੱਲ ਵੀ ਲਾਏ ਗਏ ਸਨ ਪਰ ਉਹ ਅਸਲੀ ਨਹੀਂ ਸਨ। ਪੋਰਟਲ ’ਤੇ ਜਾਂਚ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਵਪਾਰੀਆਂ ਦੀ ਪਛਾਣ ਕੀਤੀ ਜਿਨ੍ਹਾਂ ਦੇ ਨਾਂ ’ਤੇ ਬਿੱਲ ਸਨ। ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਹੋਣ ਦੀ ਸੂਰਤ ’ਚ ਉਕਤ ਵਪਾਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਹੁਣ ਜ਼ਿਆਦਾਤਰ ਪਾਰਸਲ ਏਜੰਟਾਂ ਨੇ ਰੇਲਵੇ ਸਟੇਸ਼ਨ ਛੱਡ ਕੇ ਟਰਾਂਸਪੋਰਟ ਕੰਪਨੀਆਂ ਵੱਲ ਰੁਖ਼ ਕਰ ਲਿਆ ਹੈ। ਸ਼ਹਿਰ ਦੀਆਂ ਵੱਡੀਆਂ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਟਰੱਕਾਂ ’ਚ ਹਰ ਰੋਜ਼ ਵੱਡੀ ਗਿਣਤੀ ’ਚ ਬਿਨਾਂ ਬਿੱਲਾਂ ਦਾ ਸਾਮਾਨ ਸ਼ਹਿਰ ’ਚ ਦਾਖਲ ਹੁੰਦਾ ਹੈ ਪਰ ਚੈਕਿੰਗ ਨਾ ਹੋਣ ਜਾਂ ਖਾਨਾਪੂਰਤੀ ਹੋਣ ਕਾਰਨ ਸਰਕਾਰ ਦੇ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਟੇਲ ਚੌਕ, ਇੰਡਸਟਰੀਅਲ ਏਰੀਆ ਤੇ ਨਵੀਂ ਦਾਣਾ ਮੰਡੀ ਦੇ ਨੇੜੇ ਸਥਿਤ ਕਈ ਟਰਾਂਸਪੋਰਟ ਕੰਪਨੀਆਂ ਇਸ ਗੋਰਖਧੰਦੇ ’ਚ ਬਹੁਤ ਸਰਗਰਮ ਹਨ। ਅਜਿਹੀਆਂ ਟਰਾਂਸਪੋਰਟ ਕੰਪਨੀਆਂ ਵਿਭਾਗ ਦੇ ਨਿਸ਼ਾਨੇ ’ਤੇ ਹਨ।

ਇਹ ਵੀ ਪੜ੍ਹੋ : ਵੱਖ-ਵੱਖ ਅਦਾਲਤਾਂ ਦੇ ਫੈਸਲਿਆਂ ਦੇ ਬਾਵਜੂਦ ਅਲਾਟੀਆਂ ਨੂੰ 14 ਕਰੋੜ ਦਾ ਭੁਗਤਾਨ ਨਹੀਂ ਕਰ ਰਿਹਾ ਇੰਪਰੂਵਮੈਂਟ ਟਰੱਸਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News