ਸਪੇਨ ਭੇਜਣ ਦੇ ਨਾਮ ’ਤੇ 3.50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖਿਲਾਫ਼ ਮਾਮਲਾ ਦਰਜ

01/11/2019 2:25:21 AM

 ਨਵਾਂਸ਼ਹਿਰ,   (ਤ੍ਰਿਪਾਠੀ)-  ਸਪੇਨ ਭੇਜਣ ਦੇ ਨਾਮ ’ਤੇ 3.50 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ੀ ਏਜੰਟ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਗੌਰਵ ਪੁੱਤਰ ਜਸਵਿੰਦਰ ਲਾਲ ਵਾਸੀ ਪਿੰਡ ਸੂਰਾਪੁਰ ਨੇ ਦੱਸਿਆ ਕਿ ਉਸ ਨੇ ਸਪੇਨ ਜਾਣ ਦਾ ਸੌਦਾ ਬਲਾਚੌਰ ਦੇ ਏਜੰਟ ਅਮਿਤ ਅਰੋਡ਼ਾ ਨਾਲ 3.5 ਲੱਖ ਰੁਪਏ ਵਿਚ  ਕੀਤਾ ਸੀ ਅਤੇ ਉਕਤ ਰਾਸ਼ੀ ’ਚੋਂ 2.50 ਲੱਖ ਰੁਪਏ ਨਕਦ ਦਿੱਤੇ ਸਨ  ਜਦਕਿ 1 ਲੱਖ ਰੁਪਏ ਉਕਤ ਅਮਿਤ ਅਰੋਡ਼ਾ ਦੇ ਬੈਂਕ ਖਾਤੇ ’ਚ ਜਮ੍ਹਾ ਕਰਵਾਏ ਸਨ।  ਏਜੰਟ ਅਮਿਤ ਅਰੋਡ਼ਾ ਉਸ ਨੂੰ ਪਹਿਲਾਂ ਥਾਈਲੈਂਡ ਲੈ ਗਿਆ ਅਤੇ 15 ਦਿਨ ਦੇ ਬਾਅਦ ਵਾਪਿਸ ਇੰਡੀਆ ਭੇਜ ਦਿੱਤਾ। ਇਸ ਉਪਰੰਤ ਉਸ ਨੂੰ ਕੰਬੋਡੀਆ ਭੇਜ ਦਿੱਤਾ ਜਿੱਥੇ 2 ਮਹੀਨੇ ਬਾਅਦ ਉਹ ਵਾਪਿਸ ਭਾਰਤ ਆ ਗਿਆ। ਪਰ ਉਕਤ ਏਜੰਟ ਨੇ ਉਸ ਨੂੰ ਸਪੇਨ ਦਾ ਵੀਜ਼ਾ ਲਾ ਕੇ ਨਹੀਂ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਦੇ ਪੈਸੇ ਵਾਪਿਸ ਕਰਨ ਦਾ ਵਾਅਦਾ ਕਰਦੇ ਹੋਏ 50-50 ਹਜ਼ਾਰ ਰੁਪਏ 2 ਚੈੱਕ ਦੇ ਦਿੱਤੇ ਪਰ ਉਕਤ ਚੈੱਕ ਕੈਸ਼ ਨਹੀਂ ਹੋਏ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੇ ਪੈਸੇ ਵਾਪਿਸ ਕਰਵਾਉਣ ਅਤੇ  ਏਜੰਟ ਦੇ ਖਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. (ਜਾਂਚ) ਵਲੋਂ ਕਰਨ ਦੇ ਉਪਰੰਤ ਦਿੱਤੀ ਗਈ ਰਿਪੋਰਟ ਦੇ ਅਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ  ਏਜੰਟ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News