ਟ੍ਰਾਈ ਦਾ ਨਕਲੀ ਅਧਿਕਾਰੀ ਬਣ ਨੌਸਰਬਾਜ਼ ਨੇ ਮਾਰੀ ਡੇਢ ਲੱਖ ਦੀ ਠੱਗੀ, ਮਾਮਲਾ ਦਰਜ

05/19/2024 1:46:07 PM

ਭਵਾਨੀਗੜ੍ਹ (ਕਾਂਸਲ) : ਟ੍ਰਾਈ ਟੈਲੀਕਾਮ ਰੈਗੂਲੈਟਰੀ ਅਥਾਰਟੀ ਆਫ਼ ਇੰਡੀਆਂ ਦਾ ਨਕਲੀ ਅਧਿਕਾਰੀ ਬਣ ਕੇ ਇਕ ਨੌਸ਼ਰਬਾਜ਼ ਵੱਲੋਂ ਭਵਾਨੀਗੜ੍ਹ ਦੇ ਇਕ ਵਿਅਕਤੀ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਮਹੁੰਮਦ ਸਫ਼ੀਰ ਖਾਨ ਪੁੱਤਰ ਅਬਦੁੱਲ ਅਜੀਜ ਵਾਸੀ ਨੇੜੇ ਖਾਨ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ 12-03-2024 ਨੂੰ ਮੇਰੇ ਵਟਸਐਪ ਨੰਬਰ ’ਤੇ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਕਾਲ ਕੀਤੀ ਗਈ, ਜਿਸ ਨੇ ਮੈਨੂੰ ਕਿਹਾ ਕਿ ਮੈਂ ਟ੍ਰਾਈ ਟੈਲੀਕਾਮ ਰੈਗੂਲੈਟਰੀ ਅਥਾਰਟੀ ਆਫ਼ ਇੰਡੀਆਂ ਦਾ ਅਧਿਕਾਰੀ ਬੋਲ ਰਿਹਾ ਹਾਂ।

ਸਾਡੇ ਵਿਭਾਗ ਨੇ ਤੁਹਾਡੇ ਮੋਬਾਇਲ ਨੰਬਰ 'ਤੇ ਕੁੱਝ ਗੈਰ ਕਾਨੂੰਨੀ ਗਤੀਵਿਧੀਆ ਨੋਟ ਕੀਤੀਆ ਹਨ। ਜਿਸ ਨੇ ਦੱਸਿਆ ਕਿ ਤੁਹਾਡਾ ਇਹ ਨੰਬਰ ਮੁੰਬਈ ਤੋਂ ਐਕਟੀਵੇਟ ਕਰਵਾਇਆ ਹੈ, ਜੋ ਤੁਹਾਡੇ ਨਾਮ 'ਤੇ ਹੈ। ਇਸ ਸਬੰਧੀ ਥਾਣਾ ਮੁੰਬਈ ਵਿਖੇ ਪਹਿਲਾ ਹੀ ਐੱਫ. ਆਈ. ਆਰ. ਦਰਜ ਹੋ ਗਈ ਹੈ। ਇਸ ਲਈ ਤੁਸੀਂ ਮੁਕੱਦਮੇ ਦੇ ਤਫ਼ਤੀਸੀ ਅਫ਼ਸਰ ਅਕਾਸ਼ ਕੁਲਹਾੜੀ ਗੱਲ ਕਰੋ। ਜਦੋਂ ਮੈਂ ਅਕਾਸ਼ ਕੁਲਹਾੜੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਤੁਸੀ 2 ਘੰਟੇ 'ਚ ਮੁੰਬਈ ਆਓ ਤਾਂ ਜਦੋਂ ਮੈਂ ਮੁੰਬਈ ਆਉਣ ਤੋਂ ਅਸਮਰੱਥਤਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਸਾਈਬਰ ਸੈੱਲ ਸੰਗਰੂਰ ਦੀ ਟੀਮ ਭੇਜ ਰਿਹਾ, ਜੋ ਤੁਹਾਨੂੰ 30 ਮਿੰਟ ਵਿਚ ਆ ਕੇ ਗ੍ਰਿਫ਼ਤਾਰ ਕਰ ਲਵੇਗੀ।

ਫਿਰ ਉਸ ਨੇ ਕਿਹਾ ਕਿ ਤੁਸੀਂ ਸੱਜਣ-ਪੁਰਸ਼ ਲੱਗ ਰਹੇ ਹੋ, ਮੈਂ ਤੁਹਾਡੀ ਇੰਨਕੁਆਰੀ ਜਲਦੀ ਕਰਵਾ ਦਿੰਦਾਂ ਹਾਂ, ਜਿਸ ਲਈ ਤੁਹਾਨੂੰ ਸਕਿਓਰਿਟੀ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਖ਼ਾਤੇ ਵਿਚ ਜਮ੍ਹਾਂ ਕਰਾਉਣੀ ਪਵੇਗੀ ਤਾਂ ਉਨ੍ਹਾਂ ਨੇ ਮੈਨੂੰ ਇੰਡੂਸਿੰਧ ਬੈਂਕ ਦੇ ਖ਼ਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਲਹੀ ਕਿਹਾ। ਮੈਂ ਆਪਣੇ ਖਾਤੇ 'ਚੋਂ 155000 ਰੁਪਏ ਉਕਤ ਬੈਂਕ ਖ਼ਾਤੇ ’ਚ ਟਰਾਸਫਰ ਕਰ ਦਿੱਤੇ। ਜਿਸ ਤੋਂ ਬਾਅਦ ਅਕਾਸ਼ ਕੁਲਹਾੜੀ ਨੇ ਮੈਨੂ ਫਿਰ ਐੱਚ. ਡੀ. ਐੱਫ਼. ਸੀ. ਬੈਂਕ ਖ਼ਾਤੇ ਵਿਚ ਵੀ ਰੁਪਏ ਟਰਾਂਸਫਰ ਕਰਵਾਉਣ ਲਈ ਕਿਹਾ ਪਰ ਸ਼ਾਮ ਹੋਣ ਕਾਰਨ ਬੈਂਕ ਬੰਦ ਹੋ ਗਏ ਸਨ। ਜਿਸ ਤੋਂ ਬਾਅਦ ਜਦੋਂ ਮੈਂ ਆਪਣੇ ਵਕੀਲ ਨਾਲ ਮੇਰੀ ਜ਼ਮਾਨਤ ਬਾਰੇ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਕਿਸੇ ਵਿਅਕਤੀ ਨੇ ਟ੍ਰਾਈ ਟੈਲੀਕਾਮ ਰੈਗੂਲੈਟਰੀ ਅਥਾਰਟੀ ਆਫ਼ ਇੰਡੀਆਂ ਦਾ ਨਕਲੀ ਅਧਿਕਾਰੀ ਬਣ ਕੇ ਮੇਰੇ ਨਾਲ ਠੱਗੀ ਮਾਰੀ ਹੈ। ਪੁਲਸ ਨੇ ਮਹੁੰਮਦ ਸਫੀਰ ਖਾਨ ਦੇ ਬਿਆਨਾਂ ਦੇ ਅਧਾਰ ’ਤੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।    
                         
 


Babita

Content Editor

Related News