ਮਈ ’ਚ ਰੇਲਵੇ ਟਰੈਕ ਪਾਰ ਕਰਦੇ 60 ਲੋਕ ਟ੍ਰੇਨਾਂ ਦੀ ਲਪੇਟ ’ਚ ਆਏ
Saturday, Jun 20, 2026 - 01:15 AM (IST)
ਜਲੰਧਰ (ਪੁਨੀਤ) - ਰੇਲਵੇ ਟਰੈਕ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰਨਾ ਲੋਕਾਂ ਲਈ ਲਗਾਤਾਰ ਜਾਨਲੇਵਾ ਸਾਬਤ ਹੋ ਰਿਹਾ ਹੈ। ਮੰਡਲ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਈ ਮਹੀਨੇ ਦੌਰਾਨ ਟਰੈਕ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰਦੇ ਸਮੇਂ 60 ਲੋਕ ਟ੍ਰੇਨਾਂ ਦੀ ਲਪੇਟ ਵਿਚ ਆ ਗਏ।
ਰੇਲਵੇ ਅਧਿਕਾਰੀਆਂ ਅਨੁਸਾਰ ਵਾਰ-ਵਾਰ ਜਾਗਰੂਕਤਾ ਮੁਹਿੰਮਾਂ ਚਲਾਏ ਜਾਣ ਦੇ ਬਾਵਜੂਦ ਲੋਕ ਰੇਲਵੇ ਟਰੈਕ ਨੂੰ ਸ਼ਾਰਟਕੱਟ ਦੇ ਰੂਪ ਵਿਚ ਵਰਤ ਰਹੇ ਹਨ। ਕਈ ਲੋਕ ਰੇਲਵੇ ਲਾਈਨ ਪਾਰ ਕਰਦੇ ਸਮੇਂ ਮੋਬਾਈਲ ਫ਼ੋਨ ’ਤੇ ਗੱਲ ਕਰਨ, ਈਅਰਫ਼ੋਨ ਲਾਉਣ ਜਾਂ ਜਲਦਬਾਜ਼ੀ ਵਿਚ ਚੱਲਦੀ ਟ੍ਰੇਨ ਵਿਚ ਚੜ੍ਹਨ ਅਤੇ ਉਤਰਨ ਦਾ ਯਤਨ ਕਰਦੇ ਹਨ, ਜਿਸ ਕਾਰਨ ਗੰਭੀਰ ਹਾਦਸੇ ਹੋ ਰਹੇ ਹਨ।
ਤੇਜ਼ ਰਫ਼ਤਾਰ ਚੱਲਣ ਵਾਲੀ ਟ੍ਰੇਨ ਮਹਿਜ਼ 15 ਸੈਕਿੰਡ ਵਿਚ ਲਗਭਗ 500 ਮੀਟਰ ਦੀ ਦੂਰੀ ਤਹਿ ਕਰ ਲੈਂਦੀ ਹੈ। ਅਜਿਹੇ ਵਿਚ ਲੋਕ ਟ੍ਰੇਨ ਦੀ ਅਸਲ ਰਫਤਾਰ ਦਾ ਸਹੀ ਅਨੁਮਾਨ ਨਹੀਂ ਲਾ ਪਾਉਂਦੇ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਧਿਕਾਰੀਆਂ ਅਨੁਸਾਰ ਕੁਝ ਪਲਾਂ ਦੀ ਲਾਪ੍ਰਵਾਹੀ ਕਈ ਵਾਰ ਪੂਰੇ ਪਰਿਵਾਰ ਲਈ ਜੀਵਨ ਭਰ ਦਾ ਦੁੱਖ ਬਣ ਜਾਂਦੀ ਹੈ।
ਯਾਤਰੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਸੁਰੱਖਿਆ ਫੋਰਸ ਵੱਲੋਂ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਰੇਲਵੇ ਫਾਟਕਾਂ, ਵਿਦਿਅਕ ਸੰਸਥਾਵਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਨਿਯਮਿਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪਬਲਿਕ ਅਨਾਊਂਸਮੈਂਟ ਸਿਸਟਮ, ਜਨ-ਸੰਪਰਕ ਪ੍ਰੋਗਰਾਮਾਂ ਅਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਜ਼ਰੀਏ ਲੋਕਾਂ ਨੂੰ ਰੇਲਵੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
