ਲੁਧਿਆਣਾ ਹਾਦਸੇ ਤੋਂ ਬਾਅਦ ਰੇਲਵੇ ਅਲਰਟ, ਹੁਣ ਟ੍ਰੇਨ ''ਚ ਵੱਧ ਸਾਮਾਨ ਲਿਜਾਣ ''ਤੇ ਲੱਗੇਗਾ ਜੁਰਮਾਨਾ
Tuesday, Jun 09, 2026 - 07:34 AM (IST)
ਜਲੰਧਰ (ਪੁਨੀਤ) : ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ, ਸੁਰੱਖਿਆ ਅਤੇ ਟ੍ਰੇਨ ਸੰਚਾਲਨ ਨੂੰ ਸੁਚਾਰੂ ਬਣਾਈ ਰੱਖਣ ਲਈ ਟ੍ਰੇਨ ਯਾਤਰਾ ਦੌਰਾਨ ਨਾਲ ਲੈ ਕੇ ਜਾਣ ਵਾਲੇ ਸਾਮਾਨ (ਲਗੇਜ) ਨੂੰ ਲੈ ਕੇ ਸਪੱਸ਼ਟ ਨਿਯਮ ਤੈਅ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਯਾਤਰਾ ਦੌਰਾਨ ਤੈਅ ਹੱਦ ਦੇ ਅੰਦਰ ਹੀ ਸਾਮਾਨ ਲੈ ਕੇ ਚੱਲੋ। ਤੈਅ ਹੱਦ ਤੋਂ ਵੱਧ ਸਾਮਾਨ ਲੈ ਕੇ ਜਾਣ ’ਤੇ ਯਾਤਰੀਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸੇ ਸਿਲਸਿਲੇ ਵਿਚ ਰੇਲਵੇ ਸਟੇਸ਼ਨਾਂ ’ਤੇ ਟ੍ਰੇਨਾਂ ਦੇ ਚੱਲਣ ਤੋਂ ਪਹਿਲਾਂ ਰੇਲਵੇ ਸਟਾਫ਼ ਵੱਲੋਂ ਯਾਤਰੀਆਂ ਨੂੰ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਿਊ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟ੍ਰੇਨ ਦੇ ਕੋਚ ਦੇ ਨੁਕਸਾਨੇ ਜਾਣ ਦੀ ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਸੁਚੇਤ ਹੋ ਗਿਆ ਹੈ। ਸਮਾਂ ਰਹਿੰਦੇ ਟ੍ਰੇਨ ਰੁਕ ਜਾਣ ਨਾਲ ਵੱਡਾ ਹਾਦਸਾ ਟਲ ਗਿਆ ਸੀ, ਪਰ ਘਟਨਾ ਨੇ ਕੋਚਾਂ ਦੇ ਰੱਖ-ਰਖਾਅ ਅਤੇ ਸੁਰੱਖਿਆ ਜਾਂਚ ਵਿਵਸਥਾ ਨੂੰ ਲੈ ਕੇ ਵਿਭਾਗ ਨੂੰ ਅਲਰਟ ਮੋਡ ਵਿਚ ਲਿਆ ਦਿੱਤਾ ਹੈ। ਇਸੇ ਕਾਰਨ ਵਿਭਾਗ ਵੱਲੋਂ ਹਰ ਨਿਯਮ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ : 500 ਰੁਪਏ ਦੇ ਝਗੜੇ ਨੂੰ ਲੈ ਕੇ ਦੁਕਾਨਦਾਰ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਖੈਰ ਨਹੀਂ!
ਅਧਿਕਾਰੀਆਂ ਨੇ ਕਿਹਾ ਕਿ ਹਰੇਕ ਸ਼੍ਰੇਣੀ ਦੇ ਕੋਚ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਾਮਾਨ ਦੀ ਵੱਧ ਤੋਂ ਵੱਧ ਹੱਦ ਤੈਅ ਕੀਤੀ ਗਈ ਹੈ। ਇਨ੍ਹਾਂ ਨਿਯਮਾਂ ਦਾ ਮਨੋਰਥ ਕੋਚਾਂ ਵਿਚ ਬੇਲੋੜੀ ਭੀੜ ਨੂੰ ਰੋਕਣਾ, ਯਾਤਰੀਆਂ ਦੀ ਸਹੂਲਤ ਯਕੀਨੀ ਬਣਾਉਣਾ ਅਤੇ ਐਮਰਜੈਂਸੀ ਹਾਲਾਤ ਵਿਚ ਆਉਣ-ਜਾਣ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣਾ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਯਾਤਰੀ ਲੋੜ ਤੋਂ ਵੱਧ ਸਾਮਾਨ ਲੈ ਕੇ ਯਾਤਰਾ ਕਰਦੇ ਹਨ, ਜਿਸ ਨਾਲ ਦੂਜੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੋਚਾਂ ਵਿਚ ਆਉਣਾ-ਜਾਣਾ ਵੀ ਪ੍ਰਭਾਵਿਤ ਹੁੰਦਾ ਹੈ।
ਰੇਲਵੇ ਨਿਯਮਾਂ ਅਨੁਸਾਰ ਫ਼ਸਟ ਏ. ਸੀ. ਸ਼੍ਰੇਣੀ ਵਿਚ ਯਾਤਰਾ ਕਰਨ ਵਾਲੇ ਯਾਤਰੀ ਵੱਧ ਤੋਂ ਵੱਧ 70 ਕਿਲੋਗ੍ਰਾਮ ਤੱਕ ਸਾਮਾਨ ਆਪਣੇ ਨਾਲ ਲਿਜਾ ਸਕਦੇ ਹਨ। ਇਸੇ ਤਰ੍ਹਾਂ ਸੈਕੰਡ ਏ. ਸੀ. ਵਿਚ 50 ਕਿਲੋਗ੍ਰਾਮ ਅਤੇ ਥਰਡ ਏ. ਸੀ. ਤੇ ਸਲੀਪਰ ਸ਼੍ਰੇਣੀ ਵਿਚ 40-40 ਕਿਲੋਗ੍ਰਾਮ ਤੱਕ ਸਾਮਾਨ ਲੈ ਕੇ ਜਾਣ ਦੀ ਇਜਾਜ਼ਤ ਹੈ। ਜਨਰਲ ਸ਼੍ਰੇਣੀ ਦੇ ਯਾਤਰੀਆਂ ਲਈ ਇਹ ਹੱਦ 35 ਕਿਲੋਗ੍ਰਾਮ ਤੈਅ ਕੀਤੀ ਗਈ ਹੈ।
ਵਾਧੂ ਸਾਮਾਨ ਲਗੇਜ ਵੈਨ ’ਚ ਕਰਵਾਉਣਾ ਪਵੇਗਾ ਬੁੱਕ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਤੈਅ ਹੱਦ ਤੋਂ ਵੱਧ ਸਾਮਾਨ ਲੈ ਕੇ ਯਾਤਰਾ ਕਰਨਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਰੇਲਵੇ ਵੱਲੋਂ ਨਿਯਮਾਂ ਮੁਤਾਬਕ ਜੁਰਮਾਨਾ ਲਾਇਆ ਜਾ ਸਕਦਾ ਹੈ। ਜੇਕਰ ਕਿਸੇ ਯਾਤਰੀ ਕੋਲ ਤੈਅ ਹੱਦ ਤੋਂ ਵੱਧ ਸਾਮਾਨ ਹੈ ਤਾਂ ਉਸ ਨੂੰ ਲਗੇਜ ਵੈਨ ਵਿਚ ਬੁੱਕ ਕਰਵਾਉਣਾ ਪਵੇਗਾ। ਇਸ ਨਾਲ ਨਾ ਸਿਰਫ ਨਿਯਮਾਂ ਦੀ ਪਾਲਣਾ ਯਕੀਨੀ ਹੋਵੇਗੀ, ਸਗੋਂ ਯਾਤਰਾ ਵੀ ਵਧੇਰੇ ਸੁਵਿਧਾਜਨਕ ਅਤੇ ਸੁਰੱਖਿਅਤ ਬਣੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਆਪਣੇ ਸਾਮਾਨ ਦਾ ਵਜ਼ਨ ਯਕੀਨੀ ਕਰ ਲਵੋ ਅਤੇ ਰੇਲਵੇ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਸਹਿਯੋਗ ਨਾਲ ਹੀ ਰੇਲ ਯਾਤਰਾ ਨੂੰ ਸੁਰੱਖਿਅਤ, ਸੁਖਮਈ ਅਤੇ ਆਰਾਮਦਾਇਕ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਗਲੇ 21 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! 15 ਸੂਬਿਆਂ 'ਚ ਜਾਰੀ ਹੋ ਗਿਆ High Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
