ਟਾਂਡਾ ਰੋਡ ਰੇਲਵੇ ਫਾਟਕ ''ਤੇ ਪ੍ਰਸਤਾਵਿਤ ਅੰਡਰਪਾਸ ਨੂੰ ਲੈ ਕੇ ਫਿਰ ਵਧਿਆ ਵਿਵਾਦ

Wednesday, Jun 10, 2026 - 11:28 AM (IST)

ਟਾਂਡਾ ਰੋਡ ਰੇਲਵੇ ਫਾਟਕ ''ਤੇ ਪ੍ਰਸਤਾਵਿਤ ਅੰਡਰਪਾਸ ਨੂੰ ਲੈ ਕੇ ਫਿਰ ਵਧਿਆ ਵਿਵਾਦ

ਜਲੰਧਰ (ਖੁਰਾਣਾ)–ਟਾਂਡਾ ਰੋਡ ਸਥਿਤ ਰੇਲਵੇ ਫਾਟਕ ਹੇਠ ਪ੍ਰਸਤਾਵਿਤ ਅੰਡਰਪਾਸ ਦਾ ਮੁੱਦਾ ਇਕ ਵਾਰ ਫਿਰ ਚਰਚਾ ਦੇ ਕੇਂਦਰ ਵਿਚ ਆ ਗਿਆ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਹੁਣ ਵੱਖ-ਵੱਖ ਬਾਜ਼ਾਰਾਂ ਦੇ ਵਪਾਰੀਆਂ ਵਿਚਕਾਰ ਵੱਖ-ਵੱਖ ਰਾਏ ਸਾਹਮਣੇ ਆਉਣ ਲੱਗੀ ਹੈ, ਜਿਸ ਨਾਲ ਵਿਵਾਦ ਹੋਰ ਵਧ ਗਿਆ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਇਸ ਮਾਮਲੇ ਨੂੰ ਜਲਦ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਵੀ ਉਠਾਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜੇਕਰ ਉਥੇ ਗੱਲ ਨਾ ਬਣੀ ਤਾਂ ਮਾਮਲਾ ਰੇਲਵੇ ਮੰਤਰੀ ਸਾਹਮਣੇ ਵੀ ਉਠਾਇਆ ਜਾ ਸਕਦਾ ਹੈ।

ਇਸ ਮੁੱਦੇ ’ਤੇ ਹਾਲ ਹੀ ਵਿਚ ਐੱਸ. ਡੀ. ਐੱਮ. ਦਫ਼ਤਰ ਵਿਚ ਆਯੋਜਿਤ ਇਕ ਮੀਟਿੰਗ ਵਿਚ ਟਾਂਡਾ ਰੋਡ ਇਲਾਕੇ ਦੇ ਵਪਾਰੀਆਂ ਦੇ ਨਾਲ-ਨਾਲ ਮਾਈ ਹੀਰਾਂ ਗੇਟ ਬਾਜ਼ਾਰ ਦੇ ਪ੍ਰਤੀਨਿਧੀਆਂ ਨੂੰ ਵੀ ਬੁਲਾਇਆ ਗਿਆ ਸੀ। ਮੀਟਿੰਗ ਦਾ ਉਦੇਸ਼ ਅੰਡਰਪਾਸ ਪ੍ਰਾਜੈਕਟ ’ਤੇ ਸਾਰੀਆਂ ਧਿਰਾਂ ਦੀ ਰਾਏ ਜਾਣਨਾ ਸੀ ਪਰ ਚਰਚਾ ਦੌਰਾਨ ਦੋਵੇਂ ਧਿਰਾਂ ਆਪਣੀਆਂ-ਆਪਣੀਆਂ ਮੰਗਾਂ ’ਤੇ ਅੜੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਉਥੇ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਮੀਟਿੰਗ ਕਿਸੇ ਠੋਸ ਨਤੀਜੇ ’ਤੇ ਪਹੁੰਚੇ ਬਿਨਾਂ ਹੀ ਸਮਾਪਤ ਕਰਨੀ ਪਈ।

ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ ਤੱਕ...

ਟਾਂਡਾ ਰੋਡ ਦੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਸਥਾਨ ’ਤੇ ਅੰਡਰਪਾਸ ਪ੍ਰਸਤਾਵਿਤ ਹੈ, ਉਥੇ ਸੜਕ ਪਹਿਲਾਂ ਤੋਂ ਹੀ ਕਾਫੀ ਤੰਗ ਹੈ। ਉਨ੍ਹਾਂ ਦਾ ਤਰਕ ਹੈ ਕਿ ਜੇਕਰ ਮੌਜੂਦਾ ਹਾਲਾਤ ਵਿਚ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਤਾਂ ਆਲੇ-ਦੁਆਲੇ ਦੇ ਕਾਰੋਬਾਰੀਆਂ ’ਤੇ ਗੰਭੀਰ ਅਸਰ ਪਵੇਗਾ ਅਤੇ ਕਈ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਸਕਦੀ ਹੈ। ਵਪਾਰੀਆਂ ਨੇ ਸੁਝਾਅ ਦਿੱਤਾ ਕਿ ਪਹਿਲਾਂ ਸੜਕ ਨੂੰ ਚੌੜਾ ਕੀਤਾ ਜਾਵੇ ਅਤੇ ਉਸ ਦੇ ਬਾਅਦ ਹੀ ਕਿਸੇ ਹੋਰ ਪ੍ਰਾਜੈਕਟ ’ਤੇ ਵਿਚਾਰ ਕੀਤਾ ਜਾਵੇ।

ਵਿਰੋਧ ਕਰਨ ਵਾਲੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ਵਿਚ ਪਹਿਲਾਂ ਤੋਂ ਹੀ ਦੋਮੋਰੀਆ ਪੁਲ, ਇਕਹਿਰੀ ਪੁਲੀ ਅਤੇ ਚੰਦਨ ਨਗਰ ਅੰਡਰਬ੍ਰਿਜ ਵਰਗੇ ਬਦਲਵੇਂ ਮਾਰਗ ਮੌਜੂਦ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਥਾਵਾਂ ’ਤੇ ਮੀਂਹ ਦੇ ਦਿਨਾਂ ਵਿਚ ਪਾਣੀ ਭਰਨ ਦੀ ਸਮੱਸਿਆ ਬਣੀ ਰਹਿੰਦੀ ਹੈ, ਇਸ ਲਈ ਇਕ ਹੋਰ ਅੰਡਰਪਾਸ ਬਣਾਉਣਾ ਭਵਿੱਖ ਵਿਚ ਨਵੀਆਂ ਪ੍ਰੇਸਾਨੀਆਂ ਖੜ੍ਹੀਆਂ ਕਰ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ, ਐਡਵਾਈਜ਼ਰੀ ਜਾਰੀ

ਦੂਜੇ ਪਾਸੇ ਮਾਈ ਹੀਰਾਂ ਗੇਟ ਇਲਾਕੇ ਦੇ ਕੁਝ ਵਪਾਰੀਆਂ ਨੇ ਅੰਡਰਪਾਸ ਦੇ ਪੱਖ ਵਿਚ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਦੌਰਾਨ ਲੰਮਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅਨੁਸਾਰ ਅੰਡਰਪਾਸ ਬਣਨ ਨਾਲ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਹੋਵੇਗਾ ਅਤੇ ਲੋਕਾਂ ਦਾ ਸਮਾਂ ਬਚੇਗਾ।

ਮੀਟਿੰਗ ਦੌਰਾਨ ਕੁਝ ਸਥਾਨਕ ਲੋਕਾਂ ਨੇ ਇਹੀ ਮੁੱਦਾ ਉਠਾਇਆ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਲੱਗਣ ਵਾਲੇ ਜਾਮ ਦਾ ਇਕ ਵੱਡਾ ਕਾਰਨ ਸੜਕ ਕੰਢੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪ੍ਰਸ਼ਾਸਨ ਟ੍ਰੈਫਿਕ ਸਿਸਟਮ ਸੁਧਾਰਨਾ ਚਾਹੁੰਦਾ ਹੈ ਤਾਂ ਮਾਈ ਹੀਰਾਂ ਗੇਟ ਇਲਾਕੇ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਦਿਸ਼ਾ ਵਿਚ ਵੀ ਪ੍ਰਭਾਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਓਧਰ ਟਾਂਡਾ ਰੋਡ ਦੇ ਵਪਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਹਿਮਤੀ ਅਤੇ ਸੁਧਾਰਾਂ ਨੂੰ ਨਜ਼ਰਅੰਦਾਜ਼ ਕਰ ਕੇ ਪ੍ਰਾਜੈਕਟ ਨੂੰ ਅੱਗੇ ਵਧਾਇਆ ਗਿਆ ਤਾਂ ਉਹ ਕਾਨੂੰਨੀ ਬਦਲ ਅਪਣਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ ਅਤੇ ਹਾਈ ਕੋਰਟ ਤਕ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਵਪਾਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਰਾਏ ਲਏ ਬਿਨਾਂ ਕੋਈ ਵੀ ਫੈਸਲਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ: ਕਤਲ ਕਰਕੇ ਬਿਆਸ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼ ਹੋਈ ਬਰਾਮਦ! ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਇਸੇ ਵਿਚਕਾਰ ਸਿਆਸੀ ਪੱਧਰ ’ਤੇ ਵੀ ਇਹ ਮਾਮਲਾ ਐਕਟਿਵ ਹੋ ਗਿਆ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਇਸ ਨੂੰ ਉੱਚ ਪੱਧਰ ’ਤੇ ਉਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸੀ ਵਿਧਾਇਕ ਬਾਵਾ ਹੈਨਰੀ ਜਿਥੇ ਅੰਡਰਪਾਸ ਦੇ ਪੂਰੇ ਹੱਕ ਵਿਚ ਹਨ, ਉਥੇ ਹੀ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਇਸ ਦੇ ਖ਼ਿਲਾਫ਼ ਹਨ। ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀਆਂ ਦੀ ਅਜੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਵਿਵਾਦ ਦਾ ਹੱਲ ਕਿਸ ਤਰ੍ਹਾਂ ਕੱਢਦੇ ਹਨ।

ਇਹ ਵੀ ਪੜ੍ਹੋ: Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News