ਨਸ਼ੇ ਵਾਲੇ ਪਦਾਰਥਾਂ ਸਮੇਤ 6 ਸਮੱਗਲਰ ਕਾਬੂ

02/01/2020 11:37:29 PM

ਕਪੂਰਥਲਾ,(ਭੂਸ਼ਣ) : 3 ਥਾਣਾ ਖੇਤਰਾਂ ਦੀ ਪੁਲਸ ਨੇ ਵੱਖ-ਵੱਖ ਖੇਤਰਾਂ 'ਚ ਨਾਕੇਬੰਦੀ ਕਰ ਕੇ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ ਬਰਾਮਦ ਕਰ ਕੇ 7 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ 6 ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ 7ਵੇਂ ਮੁਲਜ਼ਮ ਦੀ ਤਲਾਸ਼ ਜਾਰੀ ਹੈ।
ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ 'ਤੇ ਜ਼ਿਲਾ ਭਰ 'ਚ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ 'ਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਨੇ ਪੁਲਸ ਟੀਮ ਦੇ ਨਾਲ ਪਿੰਡ ਬਿਲਾ ਕੋਠੀ ਦੇ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਬੱਧੂ ਸਿੰਘ ਪੁੱਤਰ ਅਜੀਤ ਸਿੰਘ ਅਤੇ ਗੁਰਜਪਾਲ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਬਿਲਾ ਕੋਠੀ ਨਸ਼ੇ ਵਾਲੇ ਪਦਾਰਥ ਅਤੇ ਨਸ਼ੇ ਵਾਲੇ ਟੀਕੇ ਵੇਚਣ ਦਾ ਧੰਦਾ ਕਰਦੇ ਹਨ। ਜਿਸ 'ਤੇ ਜਦੋਂ ਮੋਟਰਸਾਈਕਲ 'ਤੇ ਆ ਰਹੇ ਦੋਵਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਮੁਲਜ਼ਮ ਫਰਾਰ ਹੋ ਗਿਆ। ਜਦੋਂ ਕਿ ਦੂਜੇ ਮੁਲਜ਼ਮ ਬੱਧੂ ਸਿੰਘ ਪੁੱਤਰ ਅਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ 12 ਨਸ਼ੇ ਵਾਲੇ ਟੀਕੇ ਬਰਾਮਦ ਹੋਏ।

ਉਥੇ ਹੀ ਦੂਜੇ ਪਾਸੇ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਪੁਲਸ ਟੀਮ ਦੇ ਨਾਲ ਬੱਸ ਸਟੈਂਡ ਮਾਧੋ ਝੰਡੇ ਦੇ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਆਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ 'ਚ ਬੈਠੇ 4 ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣਾ ਨਾਂ ਰਾਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਚਰਨ ਸਿੰਘ ਵਾਸੀ ਪਿੰਡ ਤੰਗੋਵਾਲ ਥਾਣਾ ਸਦਰ ਕਪੂਰਥਲਾ, ਜੋਮਸ ਪੁੱਤਰ ਦਰਸ਼ਨ ਲਾਲ, ਗੁਰਜਿੰਦਰ ਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਧੰਮ ਅਤੇ ਅਮਰਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਮੇਵਾ ਸਿੰਘ ਵਾਲਾ ਦੱਸਿਆ। ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਦੌਰਾਨ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਉਥੇ ਹੀ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਬੀਰ ਸਿੰਘ ਨੇ ਨਾਕੇਬੰਦੀ ਦੌਰਾਨ ਵਰਿੰਦਰ ਸਿੰਘ ਉਰਫ ਚਾਂਦ ਪੁੱਤਰ ਸਾਹਿਬ ਸਿੰਘ ਵਾਸੀ ਦਾਰਾਪੁਰ ਥਾਣਾ ਵੈਰੋਵਾਲ ਜ਼ਿਲਾ ਤਰਨਤਾਰਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 260 ਗ੍ਰਾਮ ਨਸ਼ੇ ਵਾਲਾ ਪਦਾਰਥ ਅਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
 


Related News