ਨਿਗਮ ਵੱਲੋਂ 4 ਮਹੀਨੇ ਪਹਿਲਾਂ ਲਾਏ 40 ਸਪੀਡ ਬ੍ਰੇਕਰ CM ਦਫ਼ਤਰ ਦੇ ਹੁਕਮਾਂ ’ਤੇ ਤੋੜ ਦਿੱਤੇ ਗਏ, ਲੱਖਾਂ ਰੁਪਏ ਬਰਬਾਦ

Saturday, Oct 08, 2022 - 03:25 PM (IST)

ਨਿਗਮ ਵੱਲੋਂ 4 ਮਹੀਨੇ ਪਹਿਲਾਂ ਲਾਏ 40 ਸਪੀਡ ਬ੍ਰੇਕਰ CM ਦਫ਼ਤਰ ਦੇ ਹੁਕਮਾਂ ’ਤੇ ਤੋੜ ਦਿੱਤੇ ਗਏ, ਲੱਖਾਂ ਰੁਪਏ ਬਰਬਾਦ

ਜਲੰਧਰ (ਖੁਰਾਣਾ)– ਪਿਛਲੇ 5 ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਿੱਥੇ ਨਗਰ ਨਿਗਮ ਦੇ ਸਿਸਟਮ ਦਾ ਭੱਠਾ ਪੂਰੀ ਤਰ੍ਹਾਂ ਬੈਠ ਗਿਆ ਸੀ ਅਤੇ ਜਨਤਾ ਤੋਂ ਟੈਕਸਾਂ ਦੇ ਰੂਪ ਵਿਚ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੀ ਬਰਬਾਦੀ ਹੋਈ ਸੀ, ਉਦੋਂ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਨਾ ਸਿਰਫ਼ ਨਿਗਮ ਦਾ ਸਿਸਟਮ ਠੀਕ ਹੋਵੇਗਾ, ਸਗੋਂ ਸਰਕਾਰੀ ਪੈਸਿਆਂ ਦੀ ਬਰਬਾਦੀ ਵੀ ਰੁਕੇਗੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਅਜਿਹਾ ਹੋ ਨਹੀਂ ਪਾ ਰਿਹਾ। ਸ਼ੁੱਕਰਵਾਰ ਫਿਰ ਜਲੰਧਰ ਨਗਰ ਨਿਗਮ ਦਾ ਲੱਖਾਂ ਰੁਪਿਆ ਬਰਬਾਦ ਹੁੰਦਾ ਦਿਸਿਆ। ਜ਼ਿਕਰਯੋਗ ਹੈ ਕਿ ਅੱਜ ਤੋਂ ਠੀਕ 4 ਮਹੀਨੇ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਹਰਨਾਮਦਾਸਪੁਰਾ, ਬਾਬਾ ਬੰਦਾ ਬਹਾਦਰ ਨਗਰ, ਕੋਟ ਲਖਪਤ ਰਾਏ ਅਤੇ ਗੋਪਾਲ ਨਗਰ ਆਦਿ ਇਲਾਕਿਆਂ ਵਿਚ ਸੜਕ ਦੇ ਨਿਰਮਾਣ ਕਾਰਜ ਦੌਰਾਨ 40 ਸਪੀਡ ਬ੍ਰੇਕਰ ਬਣਵਾ ਦਿੱਤੇ ਸਨ।

ਇੰਨੀ ਜ਼ਿਆਦਾ ਗਿਣਤੀ ਵਿਚ ਸਪੀਡ ਬ੍ਰੇਕਰ ਲੱਗ ਜਾਣ ਨਾਲ ਜਿੱਥੇ ਲੋਕ ਪ੍ਰੇਸ਼ਾਨ ਰਹੇ, ਉਥੇ ਹੀ ਆਰ. ਟੀ. ਆਈ. ਐਕਟੀਵਿਸਟ ਰਵਿੰਦਰਪਾਲ ਸਿੰਘ ਚੱਢਾ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ, ਲੋਕਲ ਬਾਡੀਜ਼ ਦੇ ਉੱਚ ਅਧਿਕਾਰੀਆਂ, ਡਿਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਅਤੇ ਹੋਰ ਥਾਵਾਂ ’ਤੇ ਕਰ ਦਿੱਤੀ, ਜਿਸ ਤੋਂ ਬਾਅਦ ਨਿਗਮ ਨੂੰ ਹਰ ਜਗ੍ਹਾ ਕਾਰਵਾਈ ਕਰਨ ਦੇ ਨਿਰਦੇਸ਼ ਮਿਲਣ ਲੱਗੇ।

ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ

PunjabKesari

ਜਿਹੜੇ ਅਫ਼ਸਰਾਂ ਨੇ ਆਪਣੇ ਸਾਹਮਣੇ ਲੁਆਏ ਸਨ, ਉਹੀ ਡਿੱਚ ਮਸ਼ੀਨ ਲੈ ਕੇ ਤੋੜਨ ਪਹੁੰਚੇ
ਮੁੱਖ ਮੰਤਰੀ ਦਫ਼ਤਰ ਅਤੇ ਹੋਰ ਥਾਵਾਂ ਤੋਂ ਆਏ ਨਿਰਦੇਸ਼ਾਂ ਤੋਂ ਬਾਅਦ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਬਾਬਾ ਬੰਦਾ ਬਹਾਦਰ ਨਗਰ ਵਿਚ ਸਪੀਡ ਬ੍ਰੇਕਰ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ, ਜਿਸ ਦੌਰਾਨ ਲਗਭਗ 16-17 ਸਪੀਡ ਬ੍ਰੇਕਰ ਤੋੜ ਦਿੱਤੇ ਗਏ। ਇਸ ਦੌਰਾਨ ਭਾਰੀ ਗਿਣਤੀ ਵਿਚ ਪੁਲਸ ਫੋਰਸ ਵੀ ਨਾਲ ਸੀ ਪਰ ਕੋਈ ਵਿਰੋਧ ਨਹੀਂ ਹੋਇਆ। ਇਸ ਟੀਮ ਨੇ ਹਰਨਾਮਦਾਸਪੁਰਾ ਵਿਚ ਵੀ ਜਾਣਾ ਸੀ ਪਰ ਉਥੇ ਗਲੀਆਂ ਤੰਗ ਹੋਣ ਅਤੇ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਡਿੱਚ ਨਹੀਂ ਜਾ ਸਕੀ। ਉਥੇ ਹੁਣ ਮੈਨੂਅਲ ਢੰਗ ਨਾਲ ਸਪੀਡ ਬ੍ਰੇਕਰ ਤੋੜੇ ਜਾਣਗੇ। ਖ਼ਾਸ ਗੱਲ ਇਹ ਰਹੀ ਕਿ ਅੱਜ ਤੋਂ ਠੀਕ 4 ਮਹੀਨੇ ਪਹਿਲਾਂ ਨਿਗਮ ਦੇ ਜਿਹੜੇ ਅਫਸਰਾਂ ਨੇ ਆਪਣੇ ਸਾਹਮਣੇ ਇਹ ਸਪੀਡ ਬ੍ਰੇਕਰ ਲੁਆਏ ਸਨ, ਉਹੀ ਅੱਜ ਇਨ੍ਹਾਂ ਨੂੰ ਤੁੜਵਾਉਣ ਵੀ ਪਹੁੰਚੇ ਹੋਏ ਸਨ।

ਤੋੜਨ ਦੀ ਬਜਾਏ ਉਤਾਰੇ ਵੀ ਜਾ ਸਕਦੇ ਸਨ ਸਪੀਡ ਬ੍ਰੇਕਰ
ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਨੇ ਬੰਦਾ ਬਹਾਦਰ ਨਗਰ ਅਤੇ ਹਰਨਾਮਦਾਸਪੁਰਾ ਆਦਿ ਇਲਾਕਿਆਂ ਵਿਚ ਜਿਹੜੇ ਸਪੀਡ ਬ੍ਰੇਕਰ ਲੁਆਏ ਸਨ, ਉਹ ਫਾਈਬਰ ਅਤੇ ਪਲਾਸਟਿਕ ਆਦਿ ਦੇ ਬਣੇ ਹੋਏ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਉਤਾਰ ਕੇ ਦੂਜੀਆਂ ਥਾਵਾਂ ’ਤੇ ਵੀ ਲਾਇਆ ਜਾ ਸਕਦਾ ਸੀ ਪਰ ਫਿਰ ਵੀ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਡਿੱਚ ਮਸ਼ੀਨ ਨਾਲ ਤੁੜਵਾ ਕੇ ਦੁਬਾਰਾ ਨਾਲਾਇਕੀ ਦਾ ਹੀ ਸਬੂਤ ਦਿੱਤਾ। ਜ਼ਿਕਰਯੋਗ ਹੈ ਕਿ ਇੰਨੀ ਭਾਰੀ ਗਿਣਤੀ ਵਿਚ ਸਪੀਡ ਬ੍ਰੇਕਰ ਲੁਆ ਕੇ ਨਿਗਮ ਅਧਿਕਾਰੀ ਪਹਿਲਾਂ ਹੀ ਗਲਤੀ ਕਰ ਚੁੱਕੇ ਹਨ। ਉਨ੍ਹਾਂ ਦੀ ਇਸ ਨਾਲਾਇਕੀ ਕਾਰਨ ਨਿਗਮ ਦਾ ਲੱਖਾਂ ਰੁਪਿਆ ਬਰਬਾਦ ਹੋਇਆ, ਜਿਹੜਾ ਉਨ੍ਹਾਂ ਦੀ ਤਨਖਾਹ ਵਿਚੋਂ ਕੱਟਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News