ਕੇਂਦਰੀ ਜੇਲ੍ਹ ’ਚੋਂ 4 ਮੋਬਾਇਲ, ਸਿਮ ਕਾਰਡ ਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ, ਮਾਮਲਾ ਦਰਜ

05/29/2022 5:43:17 PM

ਕਪੂਰਥਲਾ (ਭੂਸ਼ਣ/ਮਹਾਜਨ)-ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ ਬੀਤੀ ਰਾਤ ਸੀ. ਆਰ. ਪੀ. ਐੱਫ. ਤੇ ਜੇਲ੍ਹ ਪੁਲਸ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ 4 ਮੋਬਾਇਲ, ਸਿਮ ਕਾਰਡ ਤੇ ਤੰਬਾਕੂ ਨਾਲ ਭਰਿਆ ਲਿਫਾਫਾ ਬਰਾਮਦ ਕੀਤਾ ਹੈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ 4 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੂਬੇ ਭਰ ਦੀਆਂ ਜੇਲ੍ਹਾਂ ’ਚ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਤਹਿਤ ਸੀ. ਆਰ. ਪੀ. ਐੱਫ. ਤੇ ਜੇਲ੍ਹ ਪੁਲਸ ਨੇ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਿਸ ਦੌਰਾਨ ਜੇਲ ’ਚ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ।

ਇਸ ਚੈਕਿੰਗ ਮੁਹਿੰਮ ਦੌਰਾਨ ਹਰਜੱਸ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਛਾਪਿਆਂਵਾਲੀ ਥਾਣਾ ਬਿਆਸ ਜ਼ਿਲਾ ਅੰਮ੍ਰਿਤਸਰ ਕੋਲੋਂ ਇਕ ਮੋਬਾਇਲ, ਸਿਮ ਕਾਰਡ ਤੇ 3 ਤੰਬਾਕੂ ਦੀਆਂ ਪੁਡ਼ੀਆਂ, ਜਿਸ ’ਚ 105 ਗ੍ਰਾਮ ਤੰਬਾਕੂ ਸੀ ਬਰਾਮਦ ਕੀਤਾ, ਉੱਥੇ ਹੀ ਚੈਕਿੰਗ ਦੌਰਾਨ ਹਵਾਲਾਤੀ ਹਰਜਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਆਲਮਗੀਰ ਕਾਲਾ ਸੰਘਿਆਂ ਕਪੂਰਥਲਾ, ਹਵਾਲਾਤੀ ਬਲਜੀਤ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਜਲੰਧਰ ਤੇ ਸੁੱਖਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭਦਾਸ ਬੇਗੋਵਾਲ ਜ਼ਿਲਾ ਕਪੂਰਥਲਾ ਪਾਸੋਂ 3 ਮੋਬਾਇਲ ਫੋਨ, ਸਿਮ ਕਾਰਡ ਬਰਾਮਦ ਹੋਏ। ਚਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Manoj

Content Editor

Related News