‘ਪਟਾਕੇ ਚਲਾਉਣ ਦੀ ਥਾਂ ਦੀਵਿਆਂ ਨਾਲ ਸ਼ਹਿਰ ਰੁਸ਼ਨਾਉਣ ਲੋਕ’

11/05/2018 3:48:01 AM

 ਕਪੂਰਥਲਾ,   (ਗੁਰਵਿੰਦਰ ਕੌਰ)-  ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈੱਡ ਕਰਾਸ ਸੋਸਾਇਟੀ ਮੁਹੰਮਦ ਤਇਅਬ ਦੀ ਰਹਿਨੁਮਾਈ ਹੇਠ ਗਠਿਤ ਕੀਤੇ ਗਏ ‘ਕਪੂਰਥਲਾ ਸਾਈਕਲਿੰਗ ਕਲੱਬ’ ਵੱਲੋਂ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਸਬੰਧੀ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕਰਨ ਲਈ ਜਾਗਰੂਕਤਾ ਸਾਈਕਲ ਰੈਲੀ ਹੋਮ ਗਾਰਡਜ਼ ਕਪੂਰਥਲਾ ਦੇ ਡਿਪਟੀ ਕਮਾਂਡੈਂਟ ਰਾਜਦੀਪ ਸਿੰਘ ਦੀ ਅਗਵਾਈ ਹੇਠ ਕੱਢੀ ਗਈ। ਇਸ ਜਾਗਰੂਕਤਾ ਸਾਈਕਲ ਰੈਲੀ ਵਿਚ ਕਪੂਰਥਲਾ ਸਾਈਕਲਿੰਗ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਅਤੇ ਮਹਾਤਮਾ ਆਨੰਦ ਗਿਰੀ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਧ-ਚਡ਼੍ਹ ਕੇ ਸ਼ਿਰਕਤ ਕੀਤੀ। 
ਸਿਵਲ ਰੈਸਟ ਹਾਊਸ ਤੋਂ ਸ਼ੁਰੂ ਹੋਈ ਇਹ ਰੈਲੀ ਸ਼ਹਿਰ ਡੀ. ਸੀ ਚੌਕ, ਬੱਸ ਸਟੈਂਡ, ਸੱਤ ਨਾਰਾਇਣ ਬਾਜ਼ਾਰ, ਭਗਤ ਸਿੰਘ ਚੌਕ, ਕਚਹਿਰੀ ਚੌਕ ਤੇ ਸਿਵਲ ਹਸਪਤਾਲ ਹੁੰਦੀ ਹੋਈ ਇਹ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਵਿਖੇ ਜਾ ਕੇ ਸਮਾਪਤ ਹੋਈ। ਰੈਲੀ ਦੌਰਾਨ ਸਾਰਿਆਂ ਸਾਈਕਲਾਂ ’ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਸਲੋਗਨ ਵਾਲੀਆਂ ਤਖ਼ਤੀਆਂ ਲੱਗੀਆਂ ਹੋਈਆਂ ਸਨ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਪਟਾਕੇ ਚਲਾਉਣ ਦੀ ਥਾਂ ਦੀਵਿਆਂ ਨਾਲ ਸ਼ਹਿਰ ਰੁਸ਼ਨਾਉਣ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾਡ਼ਨ ਦੀ ਅਪੀਲ ਕੀਤੀ ਗਈ।
 ਇਸ ਮੌਕੇ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਗੁਰਬਚਨ ਸਿੰਘ ਬੰਗਡ਼, ਪ੍ਰਵੀਨ ਕੁਮਾਰੀ, ਰਮਨ ਕੁਮਾਰ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸਰਵਨ ਕੁਮਾਰ, ਸ਼ੀਤਲਾ ਪ੍ਰਸਾਦ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਰਿੰਕੂ ਕਾਲੀਆ, ਬਿੱਲੂ ਵਾਲੀਆ, ਰਣਜੀਤ ਐਵੀਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਬੱਲ, ਰਮੇਸ਼ ਕਲਸੀ ਅਤੇ ਹੋਰ ਬਹੁਤ ਸਾਰੇ ਵਾਤਾਵਰਣ ਪ੍ਰੇਮੀਆਂ ਨੇ ਇਸ ਸਾਈਕਲ ਰੈਲੀ ਵਿਚ ਹਿੱਸਾ ਲਿਆ।
 


Related News