ਮੁੰਬਈ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

04/21/2017 3:01:28 AM

ਇੰਦੌਰ (ਭਾਸ਼ਾ)-ਹਾਸ਼ਿਮ ਅਮਲਾ ਦਾ ਬੇਮਿਸਾਲ ਸੈਂਕੜਾ ਜੋਸ ਬਟਲਰ ਤੇ ਨਿਤਿਸ਼ ਰਾਣਾ ਦੀਆਂ ਤੂਫਾਨੀ ਪਾਰੀਆਂ ਦੇ ਅੱਗੇ ਫਿੱਕਾ ਪੈ ਗਿਆ, ਜਿਸ ਨਾਲ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਕਿੰਗਜ਼ ਇਲੈਵਨ ਪੰਜਾਬ ਦਾ ਵੱਡਾ ਟੀਚਾ ਬਾਖੂਬੀ ਹਾਸਲ ਕਰ ਕੇ 27 ਗੇਂਦਾਂ ਬਾਕੀ ਰਹਿੰਦਿਆਂ  8 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ ਆਈ. ਪੀ. ਐੱਲ.-10 ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।

ਅਮਲਾ ਨੇ 60 ਗੇਂਦਾਂ ''ਤੇ 8 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾਈਆਂ। ਕਪਤਾਨ ਗਲੇਨ ਮੈਕਸਵੈੱਲ ਨੇ 18 ਗੇਂਦਾਂ ਬਾਕੀ ਰਹਿੰਦਿਆਂ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦਕਿ ਸ਼ਾਨ ਮਾਰਸ਼ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਇਸ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ''ਤੇ 198 ਦੌੜਾਂ ਬਣਾਈਆਂ।

ਇਸਦੇ ਜਵਾਬ ਵਿਚ ਮੁੰਬਈ ਪਹਿਲੇ ਓਵਰ ਤੋਂ ਹੀ ਹਾਵੀ ਹੋ ਗਈ।  ਬਟਲਰ (37 ਗੇਂਦਾਂ ''ਤੇ 77 ਦੌੜਾਂ) ਤੇ ਪਾਰਥਿਵ ਪਟੇਲ (18 ਗੇਂਦਾਂ ''ਤੇ 37 ਦੌੜਾਂ) ਨੇ ਪਹਿਲੀ ਵਿਕਟ ਲਈ 35 ਗੇਂਦਾਂ ''ਤੇ 81 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬਟਲਰ ਨੇ ਰਾਣਾ (34 ਗੇਂਦਾਂ ''ਤੇ ਅਜੇਤੂ 62 ਦੌੜਾਂ) ਨਾਲ ਮਿਲ ਕੇ ਦੂਜੀ ਵਿਕਟ ਲਈ 44 ਗੇਂਦਾਂ ''ਤੇ 85 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਮੁੰਬਈ ਨੇ ਵੱਡਾ ਟੀਚਾ ਸਿਰਫ 15.3 ਓਵਰਾਂ ਵਿਚ ਹਾਸਲ ਕਰ ਲਿਆ। ਉਸ ਨੇ ਦੋ ਵਿਕਟਾਂ ''ਤੇ 199 ਦੌੜਾਂ ਬਣਾਈਆਂ। ਬਟਲਰ ਨੇ ਆਪਣੀ ਪਾਰੀ ਵਿਚ 7 ਚੌਕੇ ਤੇ 5 ਛੱਕੇ ਲਗਾਏ ਜਦਕਿ ਰਾਣਾ ਨੇ 7 ਛੱਕੇ ਹੀ ਲਗਾਏ। ਮੁੰਬਈ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ, ਜਿਸ ਨਾਲ ਉਸਦੇ 6 ਮੈਚਾਂ ਵਿਚੋਂ 10 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਚੋਟੀ ''ਤੇ ਬਣੀ ਹੋਈ ਹੈ। ਕਿੰਗਜ਼ ਇਲੈਵਨ ਦੀ ਛੇ ਮੈਚਾਂ ਵਿਚ ਚੌਥੀ ਹਾਰ ਹੈ ਤੇ ਉਸਦੇ ਅਜੇ ਵੀ ਚਾਰ ਅੰਕ ਹੀ ਹਨ।

''ਮੈਨ ਆਫ ਦਿ ਮੈਚ'' ਮੁੰਬਈ ਦੇ ਧਮਾਕੇਦਾਰ ਬੱਲੇਬਾਜ਼ ਜੋਸ ਬਟਲਰ ਨੂੰ ਮਿਲਿਆ। 

ਹੋਲਕਰ ਕ੍ਰਿਕਟ ਸਟੇਡੀਅਮ ਵਿਚ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਗੇਂਦਬਾਜ਼ਾਂ ਦੀ ਨਹੀਂ ਚੱਲੀ। ਮੁੰਬਈ ਦੇ ਗੇਂਦਬਾਜ਼ ਲਸਿਥ ਮਲਿੰਗਾ ਨੇ ਚਾਰ ਓਵਰਾਂ ਵਿਚ 58 ਦੌੜਾਂ ਦਿੱਤੀਆਂ ਤਾਂ ਕਿੰਗਜ਼ ਇਲੈਵਨ ਪੰਜਾਬ ਦੇ ਇਸ਼ਾਂਤ ਸ਼ਰਮਾ ਨੇ ਵੀ ਆਪਣੇ ਕੋਟੇ ਦੇ ਓਵਰਾਂ ਵਿਚ ਇੰਨੀਆਂ ਹੀ ਦੌੜਾਂ ਦਿੱਤੀਆਂ। ਗੇਂਦਬਾਜ਼ਾਂ ਲਈ ਮੰਨੋ ਜਿਵੇਂ ਹੋਲਕਰ ਦੀ ਪਿੱਚ ਘਾਤਕ ਹੀ ਸਿੱਧ ਹੋਈ। ਪੂਰੇ ਮੈਚ ਵਿਚ ਕੁਲ 30 ਚੌਕੇ ਤੇ 22 ਛੱਕੇ ਲੱਗੇ। ਪੰਜਾਬ ਨੇ ਆਪਣੀ ਪਾਰੀ ਦੌਰਾਨ 17 ਚੌਕੇ ਤੇ ਮੁੰਬਈ ਨੇ 13 ਲਗਾਏ ਜਦਕਿ ਛੱਕਿਆਂ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਬੱਲੇਬਾਜ਼ਾਂ ਨੇ 13 ਛੱਕੇ ਲਗਾਏ ਤੇ ਪੰਜਾਬ ਦੇ ਬੱਲੇਬਾਜ਼ 9 ਛੱਕੇ ਹੀ ਲਗਾ ਸਕੇ। ਪੂਰੇ ਮੈਚ ਵਿਚ ਕੁਲ 397 ਦੌੜਾਂ ਬਣੀਆਂ ਜਦਕਿ ਵਿਕਟਾਂ ਸਿਰਫ 6 ਹੀ ਡਿੱਗੀਆਂ। ਇਸ ਤਰ੍ਹਾਂ ਅੱਜ ਦਾ ਦਿਨ ਸਿਰਫ ਬੱਲੇਬਾਜ਼ਾਂ ਦੇ ਹੀ ਨਾਂ ਰਿਹਾ ਤੇ ਗੇਂਦਬਾਜ਼ ਲਗਭਗ ਖਾਲੀ ਹੱਥ ਹੀ ਪਰਤੇ।


Related News