ਬੁਮਰਾਹ ਦੇ ''ਪੰਜੇ'' ਤੋਂ ਬਾਅਦ ਬੱਲੇਬਾਜ਼ਾਂ ਦੇ ''ਚੌਕੇ-ਛੱਕਿਆਂ'' ਦੀ ਬਦੌਲਤ MI ਨੇ RCB ਨੂੰ 7 ਵਿਕਟਾਂ ਨਾਲ ਹਰਾਇਆ
Thursday, Apr 11, 2024 - 11:33 PM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ਾਂ ਦੇ ਚੌਕੇ-ਛੱਕਿਆਂ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ ਹਾਸਲ ਕਰ ਲਈ ਹੈ।
ਇਸ ਤੋਂ ਪਹਿਲਾਂ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਨੇ ਜਸਪ੍ਰੀਤ ਬੁਮਰਾਹ ਦੀਆਂ ਅੱਗ ਵਰ੍ਹਾਉਂਦੀਆਂ ਗੇਂਦਾਂ ਦਾ ਸਾਹਮਣਾ ਕਰਦਿਆਂ 5 ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਫਾਫ ਡੁਪਲੇਸਿਸ (61), ਰਜਤ ਪਾਟੀਦਾਰ (50) ਅਤੇ ਦਿਨੇਸ਼ ਕਾਰਤਿਕ (53) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 196 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ।
ਇਸ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਰੋਹਿਤ ਸ਼ਰਮਾ ਅਤੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਦੋਵਾਂ ਨੇ ਪਹਿਲੀ ਵਿਕਟ ਲਈ 9 ਓਵਰਾਂ ਦੇ ਅੰਦਰ ਹੀ 100 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਲਈ ਜਿੱਤ ਦੀ ਨੀਂਹ ਰੱਖੀ।
ਇਸ਼ਾਨ ਕਿਸ਼ਨ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 34 ਗੇਂਦਾਂ 'ਚ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾ ਕੇ ਆਕਾਸ਼ਦੀਪ ਦੀ ਗੇਂਦ 'ਤੇ ਕੋਹਲੀ ਹੱਥੋਂ ਕੈਚ ਆਊਟ ਹੋ ਗਏ।
ਇਸ ਤੋਂ ਬਾਅਦ ਆਏ ਸੂਰਯਕੁਮਾਰ ਯਾਦਵ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਰਨ-ਰੇਟ ਨੂੰ ਹੇਠਾਂ ਨਹੀਂ ਆਉਣ ਦਿੱਤਾ। ਪਰ ਛੇਤੀ ਹੀ ਰੋਹਿਤ ਸ਼ਰਮਾ 24 ਗੇਂਦਾਂ 'ਚ 3 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਦੇ ਆਊਟ ਹੋਣ 'ਤੇ ਕ੍ਰੀਜ਼ 'ਤੇ ਆਏ ਕਪਤਾਨ ਪੰਡਯਾ ਨੇ ਵੀ ਪਹਿਲੀ ਹੀ ਗੇਂਦ 'ਤੇ ਛੱਕਾ ਲਗਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ।
ਇਸ ਤੋਂ ਬਾਅਦ ਵੀ ਸੂਰਯਕੁਮਾਰ ਯਾਦਵ ਦਾ ਬੱਲਾ ਨਹੀਂ ਰੁਕਿਆ ਤੇ ਉਸ ਨੇ ਆਰ.ਸੀ.ਬੀ. ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਇਸ ਦੌਰਾਨ ਉਸ ਨੇ ਸਿਰਫ਼ 17 ਗੇਂਦਾਂ 'ਤੇ 5 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਉਹ 18 ਗੇਂਦਾਂ 'ਚ 52 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।
ਅਖ਼ੀਰ 'ਚ ਪੰਡਯਾ ਦੀ 6 ਗੇਂਦਾਂ 'ਚ 3 ਛੱਕਿਆਂ ਦੀ ਬਦੌਲਤ ਬਣਾਈਆਂ ਗਈਆਂ 21 ਦੌੜਾਂ ਦੀ ਤੇਜ਼ ਪਾਰੀ ਦੀ ਬਦੌਲਤ ਮੁੰਬਈ ਨੇ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ। ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਨੇ ਇਹ ਵੱਡਾ ਟੀਚਾ ਸਿਰਫ਼ 15.3 ਓਵਰਾਂ 'ਚ ਹੀ ਹਾਸਲ ਕਰ ਲਿਆ। ਇਹ ਮੁੰਬਈ ਦੀ ਇਸ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੂੰ ਪਹਿਲੇ 3 ਮੈਚਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੋਵੇਂ ਟੀਮਾਂ ਹੁਣ 5-5 ਮੈਚ ਖੇਡ ਚੁੱਕੀਆਂ ਹਨ ਤੇ ਦੋਵੇਂ ਹੀ 2-2 ਮੈਚ ਜਿੱਤ ਚੁੱਕੀਆਂ ਹਨ, ਜਦਕਿ 3 'ਚ ਦੋਵਾਂ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਦੇ ਹੀ ਹੁਣ 4-4 ਅੰਕ ਹਨ, ਪਰ ਬਿਹਤਰ ਨੈੱਟ-ਰਨਰੇਟ ਦੇ ਆਧਾਰ 'ਤੇ ਮੁੰਬਈ ਪੁਆਇੰਟ ਟੇਬਲ 'ਚ 7ਵੇਂ ਸਥਾਨ 'ਤੇ ਹੈ, ਜਦਕਿ ਆਰ.ਸੀ.ਬੀ. 8ਵੇਂ ਸਥਾਨ 'ਤੇ ਖਿਸਕ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e