ਕੋਵਿਡ-19 ਰੋਗੀਆਂ ਦੇ ਇਲਾਜ ''ਚ ਸਰਜੀਕਲ ਮਾਸਕ ਸਭ ਤੋਂ ਮਦਦਗਾਰ
Tuesday, Apr 07, 2020 - 08:19 PM (IST)

ਟੋਰੰਟੋ (ਭਾਸ਼ਾ)– ਐੱਨ-95 ਮਾਸਕ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹਵਾ 'ਚ ਮੌਜੂਦ ਬੇਹੱਦ ਮਾਮੂਲੀ ਕਣਾਂ ਨੂੰ ਵੀ ਰੋਕਣ 'ਚ 95 ਫੀਸਦੀ ਤੱਕ ਮਦਦਗਾਰ ਹਨ ਅਤੇ ਅਜਿਹੇ 'ਚ ਇਸ ਮਾਸਕ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ 'ਚ ਲੱਗੇ ਸਿਹਤ ਕਰਮਚਾਰੀਆਂ ਲਈ ਬਚਾ ਕੇ ਰੱਖਿਆ ਜਾਣਾ ਚਾਹੀਦਾ ਹੈ। ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਐੱਨ-95 ਮਾਸਕ ਉਨ੍ਹਾਂ ਸਿਹਤ ਕਰਮਚਾਰੀਆਂ ਲਈ ਬੇਹੱਦ ਜ਼ਰੂਰੀ ਹੈ, ਜਿਨ੍ਹਾਂ ਨੂੰ ਮਰੀਜ਼ਾਂ ਦੇ ਗਲੇ 'ਚ ਸਾਹ ਨਲੀ ਪਾਉਣ ਵਰਗਾ ਨਾਜ਼ੁਕ ਕੰਮ ਕਰਨਾ ਪੈਂਦਾ ਹੈ।
'ਇਨਫਲੂਏਂਜਾ ਐਂਡ ਅਦਰ ਰੈਸਿਪਰੇਟਰੀ ਵਾਇਰਸਿਜ਼' ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਇਹ ਗੱਲ ਕਹੀ ਗਈ ਹੈ। ਅਧਿਐਨ ਦੌਰਾਨ ਵਿਗਿਆਨੀਆਂ ਨੇ 1990 ਤੋਂ ਪਿਛਲੇ ਮਹੀਨੇ ਤੱਕ ਇਸਤੇਮਾਲ 'ਚ ਲਿਆਂਦੇ ਗਏ ਮਾਸਕ 'ਤੇ ਚਾਰ ਪ੍ਰੀਖਣਾਂ ਦੀ ਸਮੀਖਿਆ ਕੀਤੀ। ਸਮੀਖਿਆ 'ਚ ਪਤਾ ਲੱਗਾ ਕਿ ਇਹ ਮਾਸਕ ਵਾਇਰਲ ਦੀ ਲਪੇਟ 'ਚ ਆਉਣ ਜਾਂ ਸਾਹ ਸਬੰਧੀ ਰੋਗ ਨੂੰ ਵਧਣ ਤੋਂ ਰੋਕਦੇ ਹਨ। ਸਮੀਖਿਆ 'ਚ ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੱਸ ਕੇ ਲਾਏ ਗਏ ਐੱਨ-95 ਮਾਸਕ ਹਵਾ 'ਚ ਫੈਲੇ ਸੂਖਮ ਕਣਾਂ ਨੂੰ ਮਨੁੱਖੀ ਸਰੀਰ ਦੇ ਅੰਦਰ ਜਾਣ ਤੋਂ ਰੋਕਦੇ ਹਨ ਅਤੇ ਕੋਵਿਡ-19 ਮਰੀਜ਼ਾਂ ਦੇ ਗਲੇ 'ਚ ਸਾਹ ਦੀ ਨਲੀ ਪਾਉਣ 'ਚ ਸ਼ਾਮਲ ਸਿਹਤ ਕਰਮਚਾਰੀਆਂ ਲਈ ਇਹ ਮਾਸਕ ਸਭ ਤੋਂ ਮਦਦਗਾਰ ਹਨ।