ਸਕੂਲ ਬੱਸਾਂ ਦੀ ਚੈਕਿੰਗ, ਕੀਤੀ ਗਈ ਗੰਭੀਰਤਾ ਨਾਲ ਜਾਂਚ
Thursday, Feb 06, 2025 - 06:19 PM (IST)
ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਸੇਫ ਸਕੂਲ ਵਾਹਨ ਕਮੇਟੀ ਦੇ ਮੈਂਬਰਾਂ ਵੱਲੋਂ ਵੀਰਵਾਰ ਨੂੰ ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ-79 ਵਿਖੇ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਤੇ ਨਿਯਮਾਂ ਸਬੰਧੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਕਮੇਟੀ ’ਚ ਜ਼ਿਲ੍ਹਾ ਐਜੂਕੇਸ਼ਨ ਅਫਸਰ ਪ੍ਰੇਮ ਕੁਮਾਰ ਮਿੱਤਲ ਤੇ ਰਿਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਰਣਪ੍ਰੀਤ ਸਿੰਘ ਭਿਉਰਾ ਐੱਸ.ਟੀ.ਏ ਪੀ.ਬੀ. 01 -ਕਮ-ਮੋਟਰ ਵਹੀਕਲ ਇੰਸਪੈਕਟਰ, ਸੁਰਿੰਦਰ ਸਿੰਘ ਏ.ਐੱਸ.ਆਈ. ਟ੍ਰੈਫਿਕ ਜ਼ੋਨ 3, ਮਨਿੰਦਰ ਸਿੰਘ ਸਹਾਇਕ, ਕੋਮਲ ਨੰਦਾ ਸਹਾਇਕ, ਐਜੂਕੇਸ਼ਨ ਵਿਭਾਗ ਵੱਲੋਂ ਐਮਿਟੀ ਸਕੂਲ ਦੇ ਮੈਨੇਜਰ (ਟਰਾਂਸਪੋਰਟ) ਸਚਿਨ ਸੈਣੀ ਨਾਲ ਸਕੂਲ ਬੱਸ ਦੇ ਡਰਾਇਵਰਾਂ ਤੇ ਲੇਡੀ ਅਟੈਡੈਂਟ ਨੂੰ ਸੇਫ ਸਕੂਲ ਵਾਹਨ ਸਕੀਮ ਅਨੁਸਾਰ ਸਕੂਲੀ ਬੱਸਾਂ ਦੇ ਰੱਖ-ਰਖਾਓ, ਸੁਰੱਖਿਅਤ ਡਰਾਇਵਿੰਗ ਨਿਯਮਾਂ ਦੀ ਪਾਲਣਾ ਕਰਨ ਤੇ ਬੱਚਿਆਂ ਨਾਲ ਚੰਗੇ ਵਿਵਹਾਰ ਕਰਨ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਮੌਜੂਦ ਸਾਰੀਆਂ ਸਕੂਲੀ ਬੱਸਾਂ ਦੀ ਚੈਕਿੰਗ ਤੇ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਇਨ੍ਹਾਂ ਸਕੂਲੀ ਬੱਸਾਂ ’ਚ ਮੌਜੂਦ ਕੈਮਰੇ, ਅੱਗ ਬੁਝਾਊ ਯੰਤਰ ਤੇ ਫਾਸਟ ਏਡ ਬਾਕਸ ਆਦਿ ਸਹੀ ਪਾਏ ਗਏ ਹਨ। ਡਰਾਇਵਰਾਂ ਨੂੰ ਸੜਕੀ ਨਿਯਮਾਂ, ਰੈਗੂਲਰ ਮੈਡੀਕਲ ਚੈੱਕਅਪ ਤੇ ਆਪਣੇ ਲਾਇਸੈਂਸ ਸਮੇਂ-ਸਮੇਂ ਰੀਨਿਊ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ।