MP ਸਾਹਨੀ ਨੇ ਗੱਤਕਾ ਨੂੰ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਦੀ ਮੰਗ ਪੂਰੀ ਹੋਣ 'ਤੇ ਸਰਕਾਰ ਦੀ ਕੀਤੀ ਸ਼ਲਾਘਾ

Thursday, May 18, 2023 - 07:51 PM (IST)

MP ਸਾਹਨੀ ਨੇ ਗੱਤਕਾ ਨੂੰ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਦੀ ਮੰਗ ਪੂਰੀ ਹੋਣ 'ਤੇ ਸਰਕਾਰ ਦੀ ਕੀਤੀ ਸ਼ਲਾਘਾ

ਚੰਡੀਗੜ੍ਹ (ਬਿਊਰੋ) : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ 16 ਮਾਰਚ 2023 ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਖੇਡ ਮੰਤਰਾਲੇ ਸਾਹਮਣੇ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਸੀ। ਸਾਹਨੀ ਨੇ ਕਿਹਾ ਕਿ ਉਹ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੁਆਰਾ ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ’ਤੇ ਤੁਰੰਤ ਕਾਰਵਾਈ ਕਰਨ ਲਈ ਸ਼ਲਾਘਾ ਕਰਦੇ ਹਨ ਕਿ ਉਨ੍ਹਾਂ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਇਸ ਸਾਲ ਗੋਆ 'ਚ ਹੋ ਰਹੀਆਂ 37ਵੀਆਂ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ : ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

ਸਾਹਨੀ ਨੇ ਕਿਹਾ ਕਿ ਗੱਤਕਾ ਗੌਰਵਸ਼ਾਲੀ ਸਿੱਖ ਸੱਭਿਆਚਾਰ ਅਤੇ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰਨਾ ਨਿਰਸੰਦੇਹ ਇਕ ਸਵਾਗਤਯੋਗ ਕਦਮ ਅਤੇ ਮਾਣ ਵਾਲੀ ਗੱਲ ਹੈ। ਪੰਜਾਬੀਆਂ ਨੇ ਲਗਭਗ ਹਰ ਖੇਡ ਵਿੱਚ ਮੋਹਰੀ ਹੋ ਕੇ ਅਗਵਾਈ ਕੀਤੀ ਹੈ। ਗੱਤਕਾ ਜੋ ਕਿ ਸਾਡੇ ਸੂਬੇ ਦੀ ਮੌਲਿਕ ਖੇਡ ਹੈ, ਵਿੱਚ ਪੰਜਾਬ ਜ਼ਰੂਰ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ। ਇਸ ਖੇਡ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੱਤਕਾ ਮਾਰਸ਼ਲ ਆਰਟ ਦਾ ਇਕ ਰੂਪ ਹੈ, ਜੋ ਮੁੱਖ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਇਆ ਹੈ। ਇਹ ਮਾਰਸ਼ਲ ਆਰਟ ਦੀ ਇਕ ਸ਼ੈਲੀ ਹੈ। ਗੱਤਕੇ ਦੇ ਸਿਧਾਂਤ ਅਤੇ ਤਕਨੀਕ ਸਿੱਖ ਗੁਰੂਆਂ ਦੁਆਰਾ ਸਿਖਾਈ ਗਈ ਸੀ। ਇਤਿਹਾਸ ਵਿੱਚ ਸਿੱਖ ਯੁੱਧਾਂ 'ਚ ਵੀ ਗੱਤਕੇ ਦੀ ਵਰਤੋਂ ਕੀਤੀ ਗਈ। ਖੇਡ ਦਾ ਇਹ ਬ੍ਰਹਮ ਇਤਿਹਾਸ ਇਸ ਨੂੰ ਸਿਰਫ਼ ਸਰੀਰਕ ਕਸਰਤ ਤੱਕ ਹੀ ਸੀਮਤ ਨਹੀਂ ਰੱਖਦਾ ਸਗੋਂ ਅਧਿਆਤਮਿਕ ਵੀ ਬਣਾਉਂਦਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੀ ਇਕ ਹੋਰ ਘਟਨਾ ਆਈ ਸਾਹਮਣੇ, ਨੌਜਵਾਨ ਨੰਗੇ ਸਿਰ ਜੁੱਤੀ ਸਣੇ ਗੁਰਦੁਆਰਾ ਸਾਹਿਬ ’ਚ ਹੋਇਆ ਦਾਖਲ

ਸਾਹਨੀ ਨੇ ਇਹ ਵੀ ਕਿਹਾ ਕਿ ਹੁਣ ਜਦੋਂ ਅਸੀਂ ਗੱਤਕਾ ਨੂੰ ਰਾਸ਼ਟਰੀ ਪੱਧਰ 'ਤੇ ਲਿਜਾਣ ਦੇ ਮੀਲ ਪੱਥਰ 'ਤੇ ਪਹੁੰਚ ਚੁੱਕੇ ਹਾਂ ਤਾਂ ਸਾਡਾ ਅਗਲਾ ਨਿਸ਼ਾਨਾ ਇਸ ਨੂੰ ਅੰਤਰਰਾਸ਼ਟਰੀ ਖੇਡ ਬਣਾਉਣਾ ਹੈ ਅਤੇ ਅਸੀਂ ਇਸ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਯਤਨ ਜਾਰੀ ਰੱਖਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News