ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਇਸ ਫਲਾਈਟ ''ਚ ਮੁਫਤ ਮਿਲੇਗਾ ਵਾਈ-ਫਾਈ

10/13/2018 3:59:21 PM

ਨਵੀਂ ਦਿੱਲੀ— ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। ਬਹੁਤ ਜਲਦ ਸਪਾਈਸ ਜੈੱਟ ਦੀ ਫਲਾਈਟ 'ਚ ਮੁਫਤ ਵਾਈ-ਫਾਈ ਮਿਲੇਗਾ। ਭਾਰਤ 'ਚ ਉਡਾਣ ਦੌਰਾਨ ਵਾਈ-ਫਾਈ ਸੁਵਿਧਾ ਦੇਣ ਵਾਲੀ ਇਹ ਪਹਿਲੀ ਹਵਾਈ ਜਹਾਜ਼ ਕੰਪਨੀ ਹੋਵੇਗੀ। ਸਰਕਾਰ ਵੱਲੋਂ ਜਹਾਜ਼ 'ਚ ਇੰਟਰਨੈੱਟ ਸੁਵਿਧਾ ਦੇਣ ਨੂੰ ਹਰੀ ਝੰਡੀ ਮਿਲਦੇ ਹੀ ਸਪਾਈਸ ਜੈੱਟ ਵਾਈ-ਫਾਈ ਸਰਵਿਸ ਸ਼ੁਰੂ ਕਰ ਦੇਵੇਗੀ। ਦੂਰਸੰਚਾਰ ਕਮਿਸ਼ਨ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ। ਹਾਲਾਂਕਿ ਸਰਕਾਰ ਨੇ ਹੁਣ ਤਕ ਇਸ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਉਮੀਦ ਜਤਾਈ ਕਿ ਸਰਕਾਰ ਨਵੰਬਰ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਵੇਗੀ। ਸਪਾਈਸ ਜੈੱਟ ਦੇ ਬੋਇੰਗ 737 ਮੈਕਸ ਜਹਾਜ਼ 'ਚ ਵਾਈ-ਫਾਈ ਸੇਵਾ ਉਪਲੱਬਧ ਹੋਵੇਗੀ। ਇਸ ਤਰ੍ਹਾਂ ਦੇ 9 ਹੋਰ ਜਹਾਜ਼ ਦਸੰਬਰ ਅੰਤ ਤਕ ਕੰਪਨੀ ਦੇ ਬੇੜੇ 'ਚ ਸ਼ਾਮਲ ਹੋਣਗੇ।

ਸਪਾਈਸ ਜੈੱਟ ਇਸ ਸੁਵਿਧਾ ਲਈ ਯਾਤਰੀਆਂ ਕੋਲੋਂ ਕੋਈ ਚਾਰਜ ਨਹੀਂ ਲਵੇਗੀ ਸਗੋਂ 'ਪੌਪ ਅਪ' ਵਿਗਿਆਪਨ ਦੇਣ ਵਾਲੀਆਂ ਕੰਪਨੀਆਂ ਤੋਂ ਪੈਸਾ ਵਸੂਲੇਗੀ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ, ''ਸਾਨੂੰ ਲੱਗਦਾ ਹੈ ਕਿ ਯਾਤਰੀਆਂ ਨੂੰ ਵਾਈ-ਫਾਈ ਸੇਵਾਵਾਂ ਮੁਹੱਈਆ ਕਰਾਉਣਾ ਅਤੇ ਵਿਗਿਆਪਨ ਦੇਣ ਵਾਲੀਆਂ ਕੰਪਨੀਆਂ ਤੋਂ ਪੈਸਾ ਲੈਣਾ ਇਕ ਕਾਰੋਬਾਰੀ ਮਾਡਲ ਹੈ। ਇਹ ਸਾਡੀ ਏਅਰਲਾਈਨ ਦੀ ਇਕ ਵੱਖਰੀ ਵਿਸ਼ੇਸ਼ਤਾ ਹੋਵੇਗੀ।''
ਇਸ ਸਰਵਿਸ ਨਾਲ ਸਪਾਈਸ ਜੈੱਟ ਉਨ੍ਹਾਂ ਵਿਦੇਸ਼ੀ ਕੰਪਨੀਆਂ 'ਚ ਸ਼ਾਮਲ ਹੋ ਜਾਵੇਗੀ, ਜੋ ਉਡਾਣ ਦੌਰਾਨ ਵਾਈ-ਫਾਈ ਮੁਹੱਈਆ ਕਰਾਉਂਦੀਆਂ ਹਨ। ਜੈੱਟ ਬਲਿਊ, ਕਤਰ ਏਅਰਵੇਜ਼ ਅਤੇ ਤੁਰਕਿਸ਼ ਏਅਰਲਾਈਨ ਵਰਗੀਆਂ ਕੰਪਨੀਆਂ ਆਪਣੇ ਜਹਾਜ਼ਾਂ 'ਚ ਯਾਤਰੀਆਂ ਨੂੰ ਮੁਫਤ ਵਾਈ-ਫਾਈ ਸੁਵਿਧਾ ਦਿੰਦੀਆਂ ਹਨ, ਜਦੋਂ ਕਿ ਆਮ ਤੌਰ 'ਤੇ ਜਹਾਜ਼ ਕੰਪਨੀਆਂ ਇਸ ਸੇਵਾ ਲਈ ਚਾਰਜ ਲੈਂਦੀਆਂ ਹਨ।


Related News