ਅੰਗ ਤਬਦੀਲੀ ਦੀ ਉਡੀਕ ਕਰ ਰਹੇ ਰੋਗੀਆਂ ਲਈ ਖੁਸ਼ਖਬਰੀ
Sunday, Jun 16, 2024 - 04:37 AM (IST)
ਉਂਝ ਤਾਂ ਲੋਕਾਂ ਨੂੰ ਅੰਗਦਾਨ ਲਈ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਹਰ ਸਾਲ 13 ਅਗਸਤ ਨੂੰ ਸਮੁੱਚੀ ਦੁਨੀਆ ’ਚ ‘ਵਿਸ਼ਵ ਅੰਗਦਾਨ ਦਿਵਸ’ ਮਨਾਇਆ ਜਾਂਦਾ ਹੈ ਪਰ ਕਈ ਦੇਸ਼ ਆਪਣੇ ਖੇਤਰੀ ਕੈਲੰਡਰ ਮੁਤਾਬਕ ਹੀ ਅੰਗਦਾਨ ਦਿਵਸ ਮਨਾਉਂਦੇ ਹਨ। ਭਾਰਤ ’ਚ ‘ਰਾਸ਼ਟਰੀ ਅੰਗਦਾਨ ਦਿਵਸ’ 2010 ਤੋਂ 27 ਨਵੰਬਰ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ।
ਜ਼ਿੰਦਾ ਅੰਗਦਾਨੀ ਵੱਲੋਂ ਦਾਨ ਕੀਤੇ ਗਏ ਅੰਗ ਦਾ ਪਹਿਲਾ ਸਫਲ ਟ੍ਰਾਂਸਪਲਾਂਟ 1954 ’ਚ ਅਮਰੀਕਾ ’ਚ ਕੀਤਾ ਗਿਆ ਸੀ, ਜਦੋਂ ‘ਰੋਨਾਲਡ ਲੀ ਹੈਰਿਕ’ ਨਾਮੀ ਵਿਅਕਤੀ ਨੇ ਆਪਣੇ ਜੁੜਵਾ ਭਰਾ ‘ਰਿਚਰ ਲੀ ਹੈਰਿਕ’ ਨੂੰ ਆਪਣੀ ਇਕ ਕਿਡਨੀ ਦਾਨ ਕੀਤੀ ਸੀ। ਇਹ ਸਫਲ ਅੰਗ ਟ੍ਰਾਂਸਪਲਾਂਟ ਡਾਕਟਰ ‘ਜੋਸੇਫ ਮਰੇ’ ਨੇ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ 1990 ’ਚ ‘ਫਿਜ਼ੀਓਲਾਜੀ ਅਤੇ ਮੈਡੀਸਨ’ ’ਚ ਨੋਬੇਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।
ਭਾਰਤ ’ਚ ਹਰ ਸਾਲ ਦਿਲ, ਜਿਗਰ (ਲਿਵਰ) ਜਾਂ ਕਿਡਨੀ ਦੀ ਤਕਲੀਫ ਤੋਂ ਪੀੜਤ 5 ਲੱਖ ਲੋਕਾਂ ਦੀ ਮੌਤ ਅੰਗਦਾਨੀ ਨਾ ਮਿਲਣ ਕਾਰਨ ਹੁੰਦੀ ਹੈ। ਕਈ ਵਾਰ ਕਿਸੇ ਹਾਦਸੇ ’ਚ ਵਿਅਕਤੀ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਉਸ ਦਾ ਬਚਣਾ ਔਖਾ ਹੁੰਦਾ ਹੈ। ਉਦੋਂ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤੇ ਉਸ ਦੇ ਅੰਗ ਮੌਤ ਦੇ ਕੰਢੇ ਪਏ ਕਿਸੇ ਦੂਜੇ ਰੋਗੀ ਦਾ ਜੀਵਨ ਬਚਾਅ ਸਕਦੇ ਹਨ।
‘ਬ੍ਰੇਨ ਡੈੱਡ’ ਵਿਅਕਤੀ ਦਾ ਲਿਵਰ ਤਿੰਨ ਵਿਅਕਤੀਆਂ ਦੇ ਕੰਮ ਆ ਸਕਦਾ ਹੈ। ਦਾਨ ਕੀਤੀ ਗਈ ਚਮੜੀ ਪੰਜ ਸਾਲ ਤੱਕ ਸੁਰੱਖਿਅਤ ਰਹਿੰਦੀ ਹੈ ਅਤੇ ਤੇਜ਼ਾਬੀ ਹਮਲੇ, ਆਤਿਸ਼ਬਾਜ਼ੀ ਦੇ ਸ਼ਿਕਾਰ ਜਾਂ ਸੜੇ ਲੋਕਾਂ ਦੇ ਕੰਮ ਆ ਸਕਦੀ ਹੈ।
ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਭਾਰਤ ’ਚ ਹਰ ਸਾਲ ਲਗਭਗ 2,00,000 ਰੋਗੀਆਂ ’ਚ ਕਿਡਨੀ ਨੂੰ ਟ੍ਰਾਂਸਪਲਾਂਟ ਕਰਨ ਦੀ ਲੋੜ ਦੇ ਮੁਕਾਬਲੇ ਸਿਰਫ 6000 ਕਿਡਨੀਆਂ ਹੀ ਟ੍ਰਾਂਸਪਲਾਂਟ ਹੁੰਦੀਆਂ ਹਨ। ਦਿਲ ਨੂੰ ਟ੍ਰਾਂਸਪਲਾਂਟ ਕਰਨ ਦੀ ਦਰ ਤਾਂ ਹੋਰ ਵੀ ਘੱਟ ਹੈ। ਇਸ ਲਈ ਦਿਲ ਦੇ ਵਾਲਵ ਨੂੰ ਦਾਨ ਕਰਨ ਨਾਲ ਦਿਲ ਦੇ ਦੋਸ਼ ਦੇ ਨਾਲ ਜੰਮੇ ਬੱਚਿਆਂ ਦੇ ਨਾਲ-ਨਾਲ ਨੁਕਸਾਨੇ ਦਿਲ ਦੇ ਵਾਲਵ ਵਾਲੇ ਬਾਲਕਾਂ ਦਾ ਜੀਵਨ ਵੀ ਬਚਾਇਆ ਜਾ ਸਕਦਾ ਹੈ।
ਹਰ ਸਾਲ ਲਗਭਗ 50 ਹਜ਼ਾਰ ਲੋਕ ਦਿਲ ਫੇਲ ਹੋ ਜਾਣ ਕਾਰਨ ਮਰ ਜਾਂਦੇ ਹਨ। 10 ਤੋਂ 15 ਦਿਲ ਹੀ ਟ੍ਰਾਂਸਪਲਾਂਟ ਹੁੰਦੇ ਹਨ ਜਦੋਂ ਕਿ ਇਸੇ ਤਰ੍ਹਾਂ ਹਰ ਸਾਲ 2,00,000 ਭਾਰਤੀ ਲਿਵਰ ਫੇਲੀਅਰ ਜਾਂ ਲਿਵਰ ਕੈਂਸਰ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ।
ਪਰ ਹੁਣ ਅੰਗ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਰੋਗੀਆਂ ਨੂੰ ਰਾਹਤ ਪ੍ਰਦਾਨ ਕਰਨ ਵਾਲੀ ਇਕ ਚੰਗੀ ਖਬਰ ਆਈ ਹੈ। ਕੇਂਦਰ ਸਰਕਾਰ ਦੋ ਪਰਿਵਾਰਾਂ ਦਰਮਿਆਨ ‘ਆਰਗਨ ਐਕਸਚੇਂਜ’ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਮੌਜੂਦਾ ਸਮੇਂ ’ਚ ਵਧੇਰੇ ਅੰਗਦਾਨ ਪਰਿਵਾਰ ਦੇ ਅੰਦਰ ਹੀ ਹੁੰਦੇ ਹਨ। ਮਾਤਾ-ਪਿਤਾ, ਪੁੱਤਰ, ਪੁੱਤਰੀ, ਭਰਾ, ਭੈਣ ਅਤੇ ਜੀਵਨਸਾਥੀ ਵਰਗੇ ਨੇੜਲੇ ਰਿਸ਼ਤੇਦਾਰਾਂ ’ਚ ਅਦਲਾ-ਬਦਲੀ ਹੀ ਪਹਿਲਾਂ ਹੀ ਆਗਿਆ ਹੈ।
ਹਾਲਾਂਕਿ ਜਦੋਂ ਦੋਵੇਂ (ਅੰਗਦਾਨੀ ਤੇ ਪ੍ਰਾਪਤਕਰਤਾ) ਦੇ ਬਲੱਡ ਗਰੁੱਪ ਮੇਲ ਨਹੀਂ ਖਾਂਦੇ ਤਾਂ ਮਰੀਜ਼ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ ਪਰ ਹੁਣ ਜੇ ਮੈਚ ਉਪਲਬਧ ਹੋਵੇ ਤਾਂ ਇਕ ਪਰਿਵਾਰ ਦੂਜੇ ਪਰਿਵਾਰ ਨਾਲ ਆਰਗਨ ਐਕਸਚੇਂਜ ਕਰ ਸਕੇਗਾ। ਇਸ ਯੋਜਨਾ ’ਚ ਅੰਗਦਾਨੀਆਂ ਲਈ ‘ਬੀਮਾ ਸਿਹਤ ਕਵਰੇਜ ਯੋਜਨਾ’ ਇਕ ਚੰਗਾ ਕਦਮ ਹੈ। ਮ੍ਰਿਤਕ ਦਾਨੀਆਂ ’ਚ ‘ਬ੍ਰੇਨ ਸਟੈਮ ਡੈੱਥ’ ਤੋਂ ਪੀੜਤ ਵੀ ਸ਼ਾਮਲ ਹੋਣਗੇ।
ਸੜਕ ਹਾਦਸੇ ਦਾ ਸ਼ਿਕਾਰ ‘ਬ੍ਰੇਨ ਸਟੈਮ ਡੈੱਡ’ ਵਿਅਕਤੀ ਖੁਦ ਸਾਹ ਨਹੀਂ ਲੈ ਸਕਦਾ ਪਰ ਉਸ ਨੂੰ ਵੈਂਟੀਲੇਟਰ ਸਪੋਰਟ ਅਤੇ ਤਰਲ ਪਦਾਰਥ ’ਤੇ ਜ਼ਿੰਦਾ ਰੱਖਿਆ ਜਾ ਸਕਦਾ ਹੈ ਤਾਂ ਜੋ ਉਸ ਦਾ ਦਿਲ ਅਤੇ ਹੋਰ ਅੰਗ ਕੰਮ ਕਰਦੇ ਰਹਿਣ।
ਅੰਗ ਤਬਦੀਲੀ ਲਈ ਭਾਰਤ ’ਚ ਦੋ ਬਦਲ ਦਿੱਤੇ ਗਏ ਹਨ। ਪਹਿਲਾ ਜ਼ਿੰਦਾ ਸਬੰਧੀ ਡੋਨਰ ਅਤੇ ਦੂਜਾ ਉਹ ਡੋਨਰ ਜਿਸ ਦੀ ਮੌਤ ਹੋ ਚੁੱਕੀ ਹੋਵੇ ਜਾਂ ਬ੍ਰੇਨ ਡੈੱਡ ਹੋਵੇ।
ਨੇੜਲੇ ਰਿਸ਼ਤੇਦਾਰ ਪਹਿਲੀ ਸ਼੍ਰੇਣੀ ਦੇ ਪਰਿਵਾਰ ਦੇ ਮੈਂਬਰ ਹੁੰਦੇ ਹਨ, ਜਿਨ੍ਹਾਂ ਨੂੰ ਕਾਨੂੰਨ ਮੁਤਾਬਕ ਅੰਗਦਾਨ ਦੀ ਆਗਿਆ ਦਿੱਤੀ ਜਾਂਦੀ ਹੈ। ਦੋਸਤਾਂ ਜਾਂ ਕਿਸੇ ਦੂਜੇ ਪਰਿਵਾਰ ਨੂੰ ਅੰਗਦਾਨ ਲਈ ਕਾਨੂੰਨ ’ਚ ਫਿਲਹਾਲ ਆਗਿਆ ਨਹੀਂ ਹੈ, ਜਿਸ ਦੀ ਜਾਂਚ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।
18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਆਪਣੀ ਉਮਰ, ਜਾਤੀ ਅਤੇ ਧਰਮ ਦੇ ਬਾਵਜੂਦ ਆਪਣੀ ਇੱਛਾ ਨਾਲ ਅੰਗਦਾਨ ਕਰ ਸਕਦਾ ਹੈ ਪਰ ਇਹ ਯਕੀਨੀ ਕਰਨਾ ਜ਼ਰੂਰੀ ਹੈ ਕਿ ਅੰਗਦਾਨ ਕਰਨ ਵਾਲਾ ਐੱਚ.ਆਈ.ਵੀ., ਕੈਂਸਰ, ਦਿਲ ਦੇ ਰੋਗ ਅਤੇ ਫੇਫੜਿਆਂ ਦੀ ਬਿਮਾਰੀ ਵਰਗੀਆਂ ਤਕਲੀਫਾਂ ਤੋਂ ਪੀੜਤ ਨਾ ਹੋਵੇ ਅਤੇ ਸਿਹਤਮੰਦ ਹੋਵੇ।
ਹਾਲਾਂਕਿ ਅੰਗਦਾਨ ਇਕ ਨੇਕ ਕੰਮ ਹੈ ਪਰ ਜਾਗਰੂਕਤਾ ਦੀ ਕਮੀ ਕਾਰਨ ਸੰਭਾਵਿਤ ਦਾਤਿਆਂ ਦੇ ਮਨ ’ਚ ਅੰਗਦਾਨ ਬਾਰੇ ਕਈ ਭੁਲੇਖੇ ਅਤੇ ਡਰ ਹਨ। ਕੁਝ ਸਾਲ ਪਹਿਲਾਂ ਤੱਕ ਲੋਕ ਖੂਨਦਾਨ ਕਰਨ ਤੋਂ ਹੀ ਘਬਰਾਉਂਦੇ ਸਨ, ਜਿਵੇਂ ਅੱਜ ਅੰਗਦਾਨ ਕਰਨ ਤੋਂ ਘਬਰਾਉਂਦੇ ਹਨ। ਹਾਲਾਂਕਿ ਖੂਨਦਾਨ ਕਰਨ ਨਾਲ ਸਰੀਰ ’ਚ ਕਮਜ਼ੋਰੀ ਨਹੀਂ ਆਉਂਦੀ ਅਤੇ ਕੱਢੇ ਗਏ ਖੂਨ ਦੀ ਕਮੀ ਵੀ ਜਲਦੀ ਹੀ ਪੂਰੀ ਹੋ ਜਾਂਦੀ ਹੈ।
ਮ੍ਰਿਤਕ ਸਰੀਰ ਨੂੰ ਸਾੜਨ ਨਾਲ ਉਹ ਅੰਗ ਵੀ ਨਸ਼ਟ ਹੋ ਜਾਂਦੇ ਹਨ, ਜਿਨ੍ਹਾਂ ’ਚ ਜਾਨ ਹੋਣ ਕਾਰਨ ਉਨ੍ਹਾਂ ਰਾਹੀਂ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਬ੍ਰੇਨ ਡੈੱਡ ਵਿਅਕਤੀ ਜਾਂ ਮੌਤ ਹੋਣ ’ਤੇ ਵਿਅਕਤੀ ਦੀ ਵਰਤੋਂ ਕਰਨਯੋਗ ਅੰਗਾਂ ਨੂੰ ਦਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ।
-ਵਿਜੇ ਕੁਮਾਰ