ਧੀ ਨੂੰ ਕੈਨੇਡਾ ਦੀ ਫਲਾਈਟ ''ਚ ਬਿਠਾਉਣ ਲਈ ਦਿੱਲੀ ਪਹੁੰਚਿਆ ਪਰਿਵਾਰ, ਜਦੋਂ ਏਅਰਪੋਰਟ ਆਏ ਤਾਂ ਉੱਡੇ ਹੋਸ਼
Tuesday, May 28, 2024 - 07:25 PM (IST)
 
            
            ਖਰੜ (ਰਣਬੀਰ) : ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਧੋਖੇਬਾਜ਼ ਫ਼ਰਜ਼ੀ ਟਰੈਵਲ ਏਜੰਟ ਡੀ. ਐੱਸ ਸੰਧੂ, ਦਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਜਿਸ ਖ਼ਿਲਾਫ਼ ਥਾਣਾ ਸਿਟੀ ਪੁਲਸ ਸਟੇਸ਼ਨ ਖਰੜ ਅੰਦਰ ਪਹਿਲਾਂ ਤੋਂ ਹੀ ਧੋਖਾਧੜੀ ਦਾ ਮੁਕੱਦਮਾ ਦਰਜ ਹੈ, ਖ਼ਿਲਾਫ਼ ਇਕ ਹੋਰ ਠੱਗੀ ਦਾ ਕੇਸ ਧਾਰਾ 406,420 ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਦਰਜ ਕੀਤਾ ਗਿਆ ਹੈ। ਖਰੜ ਦੇ ਵਸਨੀਕ ਦਰਖਾਸਤਕਰਤਾ ਸੂਰਤ ਲਾਲ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਜਿਸ ਨੇ ਇਸ ਬਾਰੇ ਆਪਣੇ ਰਿਸ਼ਤੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ। ਜਿਸ ਨੇ ਉਸ ਨੂੰ ਡੀ. ਐੱਸ ਸੰਧੂ ਨੂੰ ਮਿਲਾਇਆ। ਜਿਸ ਨੇ ਉਨ੍ਹਾਂ ਦੀ ਲੜਕੀ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਦੇ ਬਦਲੇ ਉਨ੍ਹਾਂ ਕੋਲੋਂ 15 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਨਾਲ ਸਹਿਮਤ ਹੁੰਦਿਆਂ ਉਨ੍ਹਾਂ ਨੇ ਦਵਿੰਦਰ ਸਿੰਘ ਨੂੰ ਆਪਣੀ ਲੜਕੀ ਦੀ ਫ਼ਾਈਲ ਲਗਵਾਉਣ ਲਈ ਪਾਸਪੋਰਟ ਅਤੇ ਹੋਰ ਸਾਰੇ ਦਸਤਾਵੇਜ਼ ਦੇ ਦਿੱਤੇ।
ਇਹ ਵੀ ਪੜ੍ਹੋ : ਜੇ ਤੁਹਾਡੇ ਪਿੱਤੇ 'ਚ ਵੀ ਪੱਥਰੀ ਹੈ ਤਾਂ ਸਾਵਧਾਨ, ਪੀ. ਜੀ. ਆਈ. ਦੀ ਖੋਜ 'ਚ ਹੈਰਾਨ ਕਰਨ ਦੇਣ ਵਾਲਾ ਖ਼ੁਲਾਸਾ
ਇਸ ਪਿੱਛੋਂ ਮੁਲਜ਼ਮ ਵੱਲੋਂ ਦਰਖਾਸਤ ਕਰਤਾ ਨੂੰ ਵੱਖ-ਵੱਖ ਥਾਵਾਂ 'ਤੇ ਵੱਖੋ-ਵੱਖ ਤਾਰੀਖਾਂ ਨੂੰ ਬੁਲਾ ਕੇ ਕੁੱਝ ਆਨਲਾਈਨ ਤੋਂ ਇਲਾਵਾ ਕੁਝ ਉਨ੍ਹਾਂ ਦੇ ਘਰ ਜਾ ਕੇ ਕੁੱਲ 18,43,700 ਰੁਪਏ ਦੀ ਰਕਮ ਹਾਸਲ ਕਰ ਲਈ। ਇਹ ਰਕਮ ਵਸੂਲਣ ਪਿੱਛੋਂ ਮੁਲਜ਼ਮ ਵੱਲੋਂ ਉਨ੍ਹਾਂ ਦੀ ਲੜਕੀ ਦੇ ਲੱਗੇ ਵੀਜ਼ਾ ਦੀ ਕਾਪੀ ਵਟਸਐੱਪ ਰਾਹੀਂ ਫੋਨ 'ਤੇ ਭੇਜ ਦਿੱਤੀ ਗਈ। ਉਕਤ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੂੰ 21 ਜਨਵਰੀ 2023 ਨੂੰ ਦਿੱਲੀ ਏਅਰਪੋਰਟ ਤੋਂ ਕੈਨੇਡਾ ਭੇਜ ਦਿੱਤਾ ਜਾਵੇਗਾ। ਦਿੱਲੀ ਪਹੁੰਚਣ ’ਤੇ ਪਾਸਪੋਰਟ ਤੇ ਟਿਕਟ ਉਹ ਉਨ੍ਹਾਂ ਨੂੰ ਦੇ ਦੇਵੇਗਾ। ਮੁਲਜ਼ਮ ਦੇ ਕਹਿਣ ’ਤੇ ਉਹ ਸਾਰੇ ਲੜਕੀ ਸਣੇ ਪਰਿਵਾਰ ਦਿੱਲੀ ਏਅਰਪੋਰਟ ਪੁੱਜ ਗਏ ਪਰ ਉਥੇ ਪੁੱਜ ਕੇ ਉਹ ਉਸਦਾ ਇੰਤਜ਼ਾਰ ਕਰਦੇ ਰਹੇ ਜਿਸ ਨੂੰ ਫੋਨ ਕਰਨ ’ਤੇ ਉਸਨੇ ਉਨ੍ਹਾਂ ਦਾ ਫੋਨ ਨਹੀਂ ਅਟੈਂਡ ਕੀਤਾ। ਅਖੀਰ ਉਹ ਸਾਰੇ ਦਿੱਲੀ ਤੋਂ ਵਾਪਸ ਆ ਗਏ। ਇੱਥੇ ਆ ਕੇ ਉਨ੍ਹਾਂ ਆਪਣੇ ਰਿਸ਼ਤੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ। ਜਿਨ੍ਹਾਂ ਡੀ. ਐੱਸ ਸੰਧੂ ਨਾਲ ਗੱਲਬਾਤ ਕੀਤੀ ਜਿਸ ਨੇ ਦਰਖਾਸਤਕਰਤਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਲੜਕੀ ਨੂੰ 28/04/23 ਦੀ ਫਲਾਈਟ ਰਾਹੀਂ ਕੈਨੇਡਾ ਭੇਜ ਦਿੱਤਾ ਜਾਵੇਗਾ ਪਰ ਟਿਕਟ ਦਾ ਖਰਚਾ ਉਨ੍ਹਾਂ ਨੂੰ ਕਰਨਾ ਪੈਣਾ।
ਇਹ ਵੀ ਪੜ੍ਹੋ : ਮੀਤ ਬਾਊਂਸਰ ਦੇ ਕਤਲ ਦਾ ਬਦਲਾ ਲੈਣ ਦੀ ਤਿਆਰੀ 'ਚ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
ਦਰਖਾਸਤਕਰਤਾ ਨੇ ਮਜਬੂਰ ਹੋ 1,58,000 ਦੀ ਨਾਨ- ਰਿਫੰਡ ਏਬਲ ਟਿਕਟ ਵੀ ਖ਼ਰੀਦ ਲਈ। ਜਿਸ ਪਿੱਛੋਂ 28 ਅਪ੍ਰੈਲ 2023 ਨੂੰ ਉਹ ਆਪਣੀ ਲੜਕੀ ਨੂੰ ਨਾਲ ਦਿੱਲੀ ਏਅਰਪੋਰਟ ਪੁੱਜ ਗਿਆ ਪਰ ਅੱਗੇ ਏਅਰਪੋਰਟ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦਾ ਵੀਜ਼ਾ ਨਕਲੀ ਹੈ। ਇਸ 'ਤੇ ਉਹ ਵਾਰ -ਵਾਰ ਮੁਲਜ਼ਮ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਦਵਿੰਦਰ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਸਿਟੀ ਖਰੜ ਪੁਲਸ ਅਧੀਨ ਮੁਕੱਦਮਾ ਨੰਬਰ 269 ਮਿਤੀ 14/09/23 ਅਧੀਨ ਧਾਰਾ 406,420,120ਬੀ ਤੇ 24 ਇਮੀਗ੍ਰੇਸ਼ਨ ਐਕਟ ਤਹਿਤ ਦਰਜ ਸੀ। ਉਨ੍ਹਾਂ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਜਿਸ 'ਤੇ ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਆਉਣ ਨਾਲ ਦਿਲਚਸਪ ਹੋਇਆ ਖਡੂਰ ਸਾਹਿਬ ਸੀਟ 'ਤੇ ਮੁਕਾਬਲਾ, ਜਾਣੋ ਹੁਣ ਤਕ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            