ਕਣਕ ਕੀਮਤਾਂ 'ਚ ਗਿਰਾਵਟ, ਬੰਪਰ ਫਸਲ ਤੋੜੇਗੀ ਕਿਸਾਨਾਂ ਦਾ ਲੱਕ!

Thursday, Feb 14, 2019 - 04:09 PM (IST)

ਕਣਕ ਕੀਮਤਾਂ 'ਚ ਗਿਰਾਵਟ, ਬੰਪਰ ਫਸਲ ਤੋੜੇਗੀ ਕਿਸਾਨਾਂ ਦਾ ਲੱਕ!

ਨਵੀਂ ਦਿੱਲੀ— ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼ 'ਚ ਕਿਤੇ-ਕਿਤੇ ਅਜੇ ਕਣਕ ਦੀ ਕਟਾਈ ਸ਼ੁਰੂ ਹੀ ਹੋਈ ਹੈ ਕਿ ਬਾਜ਼ਾਰ 'ਚ ਇਸ ਦੀਆਂ ਕੀਮਤਾਂ 'ਚ ਗਿਰਾਵਟ ਆਉਣੀ ਵੀ ਸ਼ੁਰੂ ਹੋ ਗਈ ਹੈ। ਛੋਲੇ ਅਤੇ ਹੋਰ ਫਸਲਾਂ ਦਾ ਵੀ ਇਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਜਾਣਕਾਰਾਂ ਮੁਤਾਬਕ ਇਸ ਸਾਲ ਹੁਣ ਤਕ ਛੋਲਿਆਂ ਦੀ ਕੀਮਤ 'ਚ 7 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਸਰੌਂ ਦੀ ਕੀਮਤ ਲਗਭਗ 2 ਫੀਸਦੀ ਘਟੀ ਹੈ।

ਉੱਥੇ ਹੀ, ਕਣਕ ਦੀਆਂ ਕੀਮਤਾਂ 'ਚ ਲਗਭਗ 10 ਫੀਸਦੀ ਦੀ ਕਮੀ ਆਈ ਹੈ। ਇੰਦੌਰ ਦੇ ਇਕ ਵਪਾਰੀ ਨੇ ਕਿਹਾ ਕਿ ਫਸਲ ਦੀ ਗੁਣਵੱਤਾ ਚੰਗੀ ਹੈ ਅਤੇ ਉਮੀਦ ਹੈ ਕਿ ਇਸ ਵਾਰ ਵੀ ਉਤਪਾਦਨ ਪਿਛਲੇ ਸਾਲ ਦੀ ਤਰ੍ਹਾਂ ਰਹੇਗਾ। ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ 'ਚ ਅਗਲੇ 15 ਦਿਨਾਂ ਦੌਰਾਨ ਛੋਲਿਆਂ ਦੀ ਆਮਦ ਮੰਡੀ 'ਚ ਵਧਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ ਕੀਮਤਾਂ 'ਚ ਹੋਰ ਗਿਰਾਵਟ ਦਾ ਖਦਸ਼ਾ ਹੈ। ਛੋਲਿਆਂ ਦੀ ਕੀਮਤ 4,520 ਰੁਪਏ ਤੋਂ ਡਿੱਗ ਕੇ 4,200 ਰੁਪਏ ਅਤੇ ਸਰੋਂ ਦੀ 4,011 ਰੁਪਏ ਤੋਂ ਘੱਟ ਕੇ 3,934 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਰਿਕਾਰਡ ਫਸਲ ਨਾਲ ਡਿੱਗੇਗਾ ਕਣਕ ਦਾ ਮੁੱਲ
ਬੰਪਰ ਫਸਲ ਦੀ ਉਮੀਦ ਕਾਰਨ ਕਣਕ ਦੀ ਕੀਮਤ 2,200 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਕੇ 1,955 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਹਰਿਆਣਾ ਦੇ ਕਰਨਾਲ 'ਚ ਕਣਕ ਖੋਜ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਕਣਕ ਦਾ ਉਤਪਾਦਨ ਇਸ ਸਾਲ ਲਈ ਨਿਸ਼ਚਿਤ ਅਨੁਮਾਨ 10 ਕਰੋੜ ਟਨ ਨੂੰ ਪਾਰ ਕਰ ਜਾਵੇਗਾ। ਪਿਛਲੀ ਵਾਰ ਕਣਕ ਉਤਪਾਦਨ ਰਿਕਾਰਡ 9 ਕਰੋੜ 70 ਲੱਖ ਟਨ ਰਿਹਾ ਸੀ।

PunjabKesari
ਦਿੱਲੀ ਦੇ ਇਕ ਵਪਾਰੀ ਨੇ ਕਿਹਾ ਕਿ ਨਵੀਂ ਸਪਲਾਈ ਸ਼ੁਰੂ ਹੋਣ ਨਾਲ ਕੀਮਤਾਂ 'ਚ 10 ਫੀਸਦੀ ਹੋਰ ਗਿਰਾਵਟ ਆ ਸਕਦੀ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫਤੇ 'ਚ ਹੋਈ ਬਾਰਸ਼ ਨਾਲ ਫਸਲ ਚੰਗੀ ਦਿਸ ਰਹੀ ਹੈ। ਉੱਤਰੀ-ਪੱਛਮੀ ਭਾਰਤ 'ਤੇ ਅਗਾਮੀ ਮੌਸਮ ਦੀ ਸਥਿਤੀ ਨੂੰ ਦੇਖਣਾ ਹੋਵੇਗਾ। ਬਾਰਸ਼ ਨਾਲ ਹਾੜ੍ਹੀ ਦੀ ਫਸਲ ਨੂੰ ਮਦਦ ਮਿਲੇਗੀ ਪਰ ਜੇਕਰ ਗੜ੍ਹੇ ਡਿੱਗੇ ਤਾਂ ਫਸਲਾਂ ਨੂੰ ਨੁਕਸਾਨ ਹੋਵੇਗਾ ਅਤੇ ਕੀਮਤਾਂ 'ਤੇ ਵੀ ਅਸਰ ਦਿਸੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਇਸ ਵਾਰ 1,840 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਬਾਜ਼ਾਰ 'ਚ ਫਿਲਹਾਲ ਐੱਮ. ਐੱਸ. ਪੀ. ਤੋਂ ਵੱਧ ਹੀ ਕੀਮਤ ਮਿਲ ਰਹੀ ਹੈ ਪਰ ਕਣਕ ਦੀ ਕਟਾਈ ਦੇਸ਼ ਭਰ 'ਚ ਸ਼ੁਰੂ ਹੋਣ ਮਗਰੋਂ ਕੀਮਤਾਂ ਸਮਰਥਨ ਮੁੱਲ ਦੇ ਬਰਾਬਰ ਜਾਂ ਹੇਠਾਂ ਵੀ ਡਿੱਗ ਸਕਦੀਆਂ ਹਨ।


Related News