ਹੁਣ ਭਾਰਤ ’ਚ ਮਾਨੇਸ਼ ਮਹਾਤਮੇ ਸੰਭਾਲਣਗੇ ਵਟਸਐਪ ਪੇਮੈਂਟਸ ਦੀ ਕਮਾਨ
Tuesday, Jun 29, 2021 - 03:06 PM (IST)

ਗੈਜੇਟ ਡੈਸਕ– ਵਟਸਐਪ ਪੇਮੈਂਟ ਸਰਵਿਸ ਦੇ ਭਾਰਤੀ ਕਾਰੋਬਾਰ ਦਾ ਕੰਮਕਾਜ ਮਾਨੇਸ਼ ਮਹਾਤਮੇ ਵੇਖਣਗੇ। ਮਾਨੇਸ਼ ਮਹਾਤਮੇ ਨੂੰ ਵਟਸਐਪ ਪੇਮੈਂਟ ਦਾ ਇੰਡੀਆ ਹੈੱਡ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਫੇਸਬੁੱਕ ਇੰਕ ਓਨਡ ਵਟਸਐਪ ਮੈਸੇਜਿੰਗ ਐਪ ਵਲੋਂ ਸੋਮਵਾਰ ਨੂੰ ਦਿੱਤੀ ਗਈ। ਮਾਨੇਸ਼ ਮਹਾਤਮੇ ਨੂੰ ਵਟਸਐਪ ਤੋਂ ਪਹਿਲਾਂ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਦੇ ਨਾਲ ਕੰਮ ਕਰਨ ਦਾ ਅਨੁਭਵ ਹਾਸਲ ਹੈ। ਐਮਾਜ਼ੋਨ ’ਚ ਮਹਾਤਮੇ ਕਈ ਅਹਿਮ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਵਟਸਐਪ ਭਾਰਤ ਦਾ ਵੱਡਾ ਬਾਜ਼ਾਰ
ਦੱਸ ਦੇਈਏ ਕਿ ਭਾਰਤ ਵਟਸਐਪ ਦੇ ਵੱਡੇ ਬਾਜ਼ਾਰਾਂ ’ਚੋਂ ਇਕ ਹੈ। ਵਟਸਐਪ ਦੇ ਭਾਰਤ ’ਚ ਕਰੀਬ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਪਿਛਲੇ ਸਾਲ ਹੀ ਵਟਸਐਪ ਪੇਮੈਂਟ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ’ਚ ਲਾਂਚਿੰਗ ਦੀ ਮਨਜ਼ੂਰੀ ਮਿਲੀ ਸੀ ਪਰ ਵਟਸਐਪ ਪੇਮੈਂਟ ’ਤੇ 20 ਮਿਲੀਅਨ ਯੂਜ਼ਰਸ ਤਕ ਸੀਮਿਤ ਕਰ ਦਿੱਤਾ ਗਿਆ ਹੈ।
ਮਹਾਤਮੇ ਨੂੰ ਐਮਾਜ਼ੋਨ ਨਾਲ ਕੰਮ ਕਰਨ ਦਾ ਅਨੁਭਵ
ਮਹਾਤਮੇ ਵਟਸਐਪ ਪੇਮੈਂਟ ਸਰਵਿਸ ਦੇ ਇੰਡੀਆ ਹੈੱਡ ਬਣਨ ਤੋਂ ਪਹਿਲਾਂ ਐਮਾਜ਼ੋਨ ’ਚ ਇਕ ਸੀਨੀਅਰ ਐਗਜ਼ੀਕਿਊਟਿਵ ਦੇ ਅਹੁਦੇ ’ਤੇ ਸਨ, ਜਿਥੇ ਉਹ ਅਮਰੀਕਾ ਦੀ ਪ੍ਰੋਡਕਟ ਅਤੇ ਇੰਜੀਨੀਅਰਿੰਗ ਟੀਮ ਦਾ ਕੰਮਕਾਜ ਵੇਖ ਰਹੇ ਸਨ। ਇਸ ਵਿਚ ਆਨਲਾਈਨ ਰਿਟੇਲਰਸ ਦਾ ਪੇਮੈਂਟ ਕਾਰੋਬਾਰ, ਐਮਾਜ਼ੋਨ ਪੇਅ ਦਾ ਭਾਰਤੀ ਕਾਰੋਬਾਰ ਸ਼ਾਮਲ ਸੀ। ਐਮਾਜ਼ੋਨ ਤੋਂ ਪਹਿਲਾਂ ਮਹਾਤਮੇ ਸਿਟੀ ਗਰੁੱਪ ਅਤੇ ਭਾਰਤੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ’ਚ ਕੰਮ ਕਰ ਚੁੱਕੇ ਹਨ।