ਵੋਡਾਫੋਨ-ਆਈਡੀਆ ਨੇ ਕੀਤਾ 3043 ਕਰੋਡ਼ ਦੇ ਸਪੈਕਟ੍ਰਮ ਬਕਾਏ ਦੀ ਕਿਸ਼ਤ ਦਾ ਭੁਗਤਾਨ

Wednesday, Mar 04, 2020 - 02:01 AM (IST)

ਵੋਡਾਫੋਨ-ਆਈਡੀਆ ਨੇ ਕੀਤਾ 3043 ਕਰੋਡ਼ ਦੇ ਸਪੈਕਟ੍ਰਮ ਬਕਾਏ ਦੀ ਕਿਸ਼ਤ ਦਾ ਭੁਗਤਾਨ

ਨਵੀਂ ਦਿੱਲੀ (ਭਾਸ਼ਾ)-ਸੰਕਟ ’ਚ ਫਸੀ ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਦੂਰਸੰਚਾਰ ਵਿਭਾਗ ਨੂੰ 3043 ਕਰੋਡ਼ ਰੁਪਏ ਦੇ ਰੁਕੇ ਸਪੈਕਟ੍ਰਮ ਬਕਾਏ ਦਾ ਭੁਗਤਾਨ ਕੀਤਾ ਹੈ। ਦੂਰਸੰਚਾਰ ਕੰਪਨੀਆਂ ਵੱਲੋਂ ਪਿਛਲੀਆਂ ਨੀਲਾਮੀਆਂ ’ਚ ਖਰੀਦੇ ਗਏ ਸਪੈਕਟ੍ਰਮ ਦੀ ਕਿਸ਼ਤ ਦਾ ਲਾਜ਼ਮੀ ਤੌਰ ’ਤੇ ਭੁਗਤਾਨ ਕਰਨਾ ਹੁੰਦਾ ਹੈ। ਵੋਡਾਫੋਨ-ਆਈਡੀਆ ਨੇ ਇਸ ਦੇ ਤਹਿਤ ਭੁਗਤਾਨ ਕੀਤਾ ਹੈ। ਵੋਡਾਫੋਨ-ਆਈਡੀਆ ਵੱਲੋਂ ਸਪੈਕਟ੍ਰਮ ਬਕਾਏ ਦਾ ਭੁਗਤਾਨ ਇਸ ਨਜ਼ਰ ਨਾਲ ਅਹਿਮ ਹੈ ਕਿ ਕੰਪਨੀ ’ਤੇ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੀ ਲਗਭਗ 53,000 ਕਰੋਡ਼ ਰੁਪਏ ਦੀ ਦੇਣਦਾਰੀ ਬਣਦੀ ਹੈ।

ਕੰਪਨੀ ਨੇ ਹੁਣ ਤੱਕ 2 ਕਿਸ਼ਤਾਂ ’ਚ ਏ. ਜੀ. ਆਰ. ਦੇਣਦਾਰੀ ਦਾ 3500 ਕਰੋਡ਼ ਰੁਪਏ ਚੁਕਾਇਆ ਹੈ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਨੇ ਰੁਕੀ ਸਪੈਕਟ੍ਰਮ ਦੇਣਦਾਰੀ ਦਾ 3043 ਕਰੋਡ਼ ਰੁਪਏ ਦਾ ਭੁਗਤਾਨ ਕੀਤਾ ਹੈ। ਇਸੇ ਤਰ੍ਹਾਂ ਟਾਟਾ ਨੇ ਸਰਕਾਰ ਨੂੰ ਏ. ਜੀ. ਆਰ. ਬਕਾਏ ਦੇ ਰੂਪ ’ਚ 2000 ਕਰੋਡ਼ ਰੁਪਏ ਦਾ ਵਾਧੂ ਭੁਗਤਾਨ ਕੀਤਾ। ਸੂਤਰ ਨੇ ਕਿਹਾ ਕਿ ਟਾਟਾ ਸਮੂਹ ਸਰਕਾਰ ਨੂੰ ਪਹਿਲਾਂ ਹੀ 2197 ਕਰੋਡ਼ ਰੁਪਏ ਦਾ ਭੁਗਤਾਨ ਕਰ ਚੁੱਕੀ ਹੈ। ਇਹ 2000 ਕਰੋਡ਼ ਰੁਪਏ ਦਾ ਭੁਗਤਾਨ ਉਸ ਤੋਂ ਵੱਖ ਹੈ। ਦੂਰਸੰਚਾਰ ਵਿਭਾਗ ਦੇ ਮੁਲਾਂਕਣ ਅਨੁਸਾਰ ਟਾਟਾ ਸਮੂਹ ’ਤੇ ਸਰਕਾਰੀ ਬਕਾਏ ਦੇ ਲਗਭਗ 14,000 ਕਰੋਡ਼ ਰੁਪਏ ਬਣਦੇ ਹਨ।


author

Karan Kumar

Content Editor

Related News