ਭਾਰਤੀ ਕੰਪਨੀ ਜਗਤ ਦੇ ਇਤਿਹਾਸ 'ਚ ਵੋਡਾਫੋਨ-IDEA ਨੂੰ ਰਿਕਾਰਡ ਘਾਟਾ

07/01/2020 2:19:33 PM

ਨਵੀਂ ਦਿੱਲੀ— ਦੇਸ਼ ਦੇ ਦੂਰਸੰਚਾਰ ਖੇਤਰ ਦੀ ਦੂਜੀ ਵੱਡੀ ਕੰਪਨੀ ਵੋਡਾਫੋਨ-ਆਈਡੀਆ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 2019-20 'ਚ 73,878.1 ਕਰੋੜ ਰੁਪਏ ਦਾ ਰਿਕਾਰਡ ਘਾਟਾ ਦਰਜ ਕੀਤਾ ਹੈ, ਜੋ ਭਾਰਤੀ ਕੰਪਨੀ ਜਗਤ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਘਾਟਾ ਹੈ।

ਕੰਪਨੀ ਨੇ ਬੁੱਧਵਾਰ ਨੂੰ ਸਟਾਕਸ ਬਾਜ਼ਾਰਾਂ ਨੂੰ 2019-20 ਦੇ ਭੇਜੇ ਨਤੀਜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਕਿਸੇ ਵੀ ਭਾਰਤੀ ਕੰਪਨੀ ਨੂੰ ਇਕ ਵਿੱਤੀ ਸਾਲ 'ਚ ਹੁਣ ਤੱਕ ਦਾ ਸਭ ਤੋਂ ਵੱਧ ਘਾਟਾ ਹੈ। ਇੰਨੇ ਵਿਸ਼ਾਲ ਘਾਟੇ ਦੇ ਬਾਵਜੂਦ ਕੰਪਨੀ ਭਾਰਤ 'ਚ ਕਾਰੋਬਾਰ ਦੇ ਵਿਸਥਾਰ ਨੂੰ ਲੈ ਕੇ ਆਸ਼ਾਵਾਦੀ ਹੈ।


ਵੋਡਾਫੋਨ-ਆਈਡੀਆ ਨੇ ਇੰਨੀ ਵੱਡੀ ਰਾਸ਼ੀ ਦੇ ਘਾਟੇ ਦਾ ਕਾਰਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਵਿਧਾਨਿਕ ਬਕਾਏ ਦਾ ਪ੍ਰਬੰਧਨ ਕਰਨ ਨੂੰ ਦੱਸਿਆ ਹੈ। ਉੱਚ ਅਦਾਲਤ ਦੇ ਹੁਕਮ 'ਚ ਵਿਧਾਨਿਕ ਬਕਾਏ ਦੀ ਗਣਨਾ 'ਚ ਗੈਰ-ਦੂਰਸੰਚਾਰ ਆਮਦਨ ਨੂੰ ਵੀ ਸ਼ਾਮਲ ਕੀਤਾ ਜਾਣਾ ਸੀ, ਜਿਸ ਦੇ ਆਧਾਰ 'ਤੇ ਕੰਪਨੀ ਨੂੰ 51,400 ਕਰੋੜ ਰੁਪਏ ਸਰਕਾਰ ਨੂੰ ਚੁਕਾਉਣੇ ਹਨ। ਕੰਪਨੀ ਦਾ ਮਾਰਚ 2020 ਨੂੰ ਖਤਮ ਤਿਮਾਹੀ 'ਚ ਸ਼ੁੱਧ ਘਾਟਾ 11,643.5 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਸਾਲ 'ਚ ਇਹ ਇਸ ਮਿਆਦ 'ਚ 4,881.9 ਕਰੋੜ ਰੁਪਏ ਸੀ। ਮਾਰਚ 2020 ਤਿਮਾਹੀ ਦੌਰਾਨ ਕੰਪਨੀ ਦੀ ਸੰਚਾਲਨ ਆਮਦਨ 11,754.2 ਕਰੋੜ ਰੁਪਏ ਰਹੀ।

ਵੋਡਾਫੋਨ ਆਈਡੀਆ ਦਾ ਵਿੱਤੀ ਸਾਲ 2018-19 'ਚ ਘਾਟਾ 14,603.9 ਕਰੋੜ ਰੁਪਏ ਰਿਹਾ ਸੀ। ਮਾਰਚ ਨੂੰ ਖਤਮ ਤਿਮਾਹੀ ਮੁਤਾਬਕ, ਵੋਡਾਫੋਨ-ਆਈਡੀਆ 'ਤੇ 1.13 ਲੱਖ ਕਰੋੜ ਰੁਪਏ ਸ਼ੁੱਧ ਕਰਜ਼ਾ ਹੈ। ਵੋਡਾਫੋਨ-ਆਈਡੀਆ ਦਾ ਗਾਹਕ ਆਧਾਰ ਚੌਥੀ ਤਿਮਾਹੀ 'ਚ 29.1 ਕਰੋੜ ਰਹਿ ਗਿਆ, ਜੋ ਪਿਛਲੇ ਤਿੰਨ ਮਹੀਨਿਆਂ ਦੀ ਮਿਆਦ 'ਚ 30.4 ਕਰੋੜ ਸੀ।


Sanjeev

Content Editor

Related News