USA 'ਚ ਲੱਖਾਂ ਲੋਕਾਂ ਨੂੰ ਵੱਡਾ ਝਟਕਾ, ਬੇਰੁਜ਼ਗਾਰੀ ਭੱਤਾ ਮਿਲਣਾ ਹੋਇਆ ਬੰਦ

09/07/2021 11:56:21 AM

ਨਿਊਯਾਰਕ- ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਸੰਯੁਕਤ ਰਾਜ ਅਮਰੀਕਾ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਸੋਮਵਾਰ ਤੋਂ ਬੇਰੁਜ਼ਗਾਰੀ ਭੱਤਾ ਮਿਲਣਾ ਬੰਦ ਹੋ ਗਿਆ ਹੈ। ਡੇਢ ਸਾਲ ਪਹਿਲਾਂ ਆਈ ਕੋਰੋਨਾ ਮਹਾਮਾਰੀ ਕਾਰਨ ਵਿੱਤੀ ਤੌਰ 'ਤੇ ਪ੍ਰਭਾਵਿਤ ਲੋਕਾਂ ਲਈ ਹੁਣ ਗਿਣ-ਚੁਣੇ ਹੀ ਆਰਥਿਕ ਸਮਰਥਨ ਪ੍ਰੋਗਰਾਮ ਬਚੇ ਹਨ। 

ਸੰਯੁਕਤ ਰਾਜ ਅਮਰੀਕਾ ਵਿਚ ਬੇਰੁਜ਼ਗਾਰ ਲੋਕਾਂ ਨੂੰ ਆਰਥਿਕ ਸਹਾਇਤਾ ਲਈ ਚਲਾਏ ਜਾ ਰਹੇ ਦੋ ਮਹੱਤਵਪੂਰਨ ਪ੍ਰੋਗਰਾਮ ਸੋਮਵਾਰ ਤੋਂ ਬੰਦ ਹੋ ਗਏ ਹਨ। ਇਨ੍ਹਾਂ ਵਿਚ ਇਕ ਸਵੈ-ਰੁਜ਼ਗਾਰ ਵਿਚ ਲੱਗੇ ਲੋਕਾਂ ਅਤੇ ਦੂਜਾ ਕੱਚੇ ਕਾਮਿਆਂ ਨੂੰ ਦਿੱਤਾ ਜਾਣ ਵਾਲ ਬੇਰੁਜ਼ਗਾਰੀ ਭੱਤਾ ਸ਼ਾਮਲ ਸੀ।

ਇਕ ਹੋਰ ਪ੍ਰੋਗਰਾਮ ਜ਼ਰੀਏ ਅਜਿਹੇ ਲੋਕਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਸੀ, ਜੋ ਛੇ ਮਹੀਨਿਆਂ ਤੋਂ ਜ਼ਿਆਦਾ ਬੇਰੁਜ਼ਗਾਰ ਹਨ। ਜੋਅ ਬਾਈਡੇਨ ਪ੍ਰਸ਼ਾਸਨ ਨੇ 300 ਡਾਲਰ ਦੀ ਸਹਾਇਤਾ ਦਾ ਪ੍ਰਗੋਰਾਮ ਵੀ ਸਮਾਪਤ ਕਰ ਦਿੱਤਾ ਹੈ। ਇਕ ਅਨੁਮਾਨ ਅਨੁਸਾਰ, ਤਕਰੀਬਨ 89 ਲੱਖ ਲੋਕਾਂ ਨੂੰ ਮਿਲ ਰਹੇ ਸਾਰੇ ਜਾਂ ਕੁਝ ਲਾਭ ਬੰਦ ਹੋ ਜਾਣਗੇ। ਹਾਲਾਂਕਿ, ਵ੍ਹਾਈਟ ਹਾਊਸ ਨੇ ਸੂਬਿਆਂ ਨੂੰ 300 ਡਾਲਰ ਪ੍ਰਤੀ ਹਫ਼ਤਾ ਦੇ ਲਾਭ ਨੂੰ ਜਾਰੀ ਰੱਖਣ ਨੂੰ ਕਿਹਾ ਹੈ ਪਰ ਅਜੇ ਤੱਕ ਕਿਸੇ ਵੀ ਸੂਬੇ ਨੇ ਅਜਿਹਾ ਕਰਨ ਦਾ ਬਦਲ ਨਹੀਂ ਚੁਣਿਆ ਹੈ। ਕਈ ਸੂਬੇ ਪਹਿਲਾਂ ਹੀ ਸੰਘੀ ਪ੍ਰੋਗਰਾਮ ਤੋਂ ਬਾਹਰ ਨਿਕਲ ਚੁੱਕੇ ਹਨ ਕਿਉਂਕਿ ਕੰਪਨੀਆਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਨਿਯੁਕਤੀ ਲਈ ਸਹੀ ਗਿਣਤੀ ਵਿਚ ਲੋਕ ਨਹੀਂ ਮਿਲ ਰਹੇ ਹਨ। ਮਹਾਮਾਰੀ ਦੌਰਾਨ ਸ਼ੁਰੂ ਹੋਏ ਵਿਸ਼ੇਸ਼ ਬੇਰੁਜ਼ਗਾਰੀ ਭੱਤਾ ਪ੍ਰੋਗਰਾਮ ਦੇ ਸਮਾਪਤ ਹੋਣ ਨਾਲ ਬਹੁਤ ਸਾਰੇ ਲੋਕ ਪ੍ਰੇਸ਼ਾਨੀ ਵਿਚ ਘਿਰ ਗਏ ਹਨ ਕਿਉਂਕਿ ਕੋਵਿਡ ਡੈਲਟਾ ਕਾਰਨ ਨਵੀਆਂ ਨੌਕਰੀਆਂ ਲੱਭਣ ਵਿਚ ਮੁਸ਼ਕਲ ਹੋ ਰਹੀ ਹੈ। ਵਿਸ਼ੇਸ਼ ਬੇਰੁਜ਼ਗਾਰੀ ਭੱਤਾ ਪ੍ਰੋਗਰਾਮ ਲਈ ਅਮਰੀਕਾ ਨੇ ਕੇਅਰਸ ਐਕਟ, ਮਾਰਚ 2020 ਵਿਚ ਪਾਸ ਕੀਤਾ ਸੀ। ਕਾਂਗਰਸ ਨੇ ਦੋ ਵਾਰ ਪਿਛਲੇ ਸਾਲ ਦਸੰਬਰ ਅਤੇ ਫਿਰ ਇਸ ਮਾਰਚ ਵਿਚ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ ਸੀ ਪਰ ਤੀਜੀ ਵਾਰ ਅਜਿਹਾ ਨਾ ਕਰਨ ਦਾ ਫ਼ੈਸਲਾ ਕੀਤਾ।


Sanjeev

Content Editor

Related News