ਏ. ਸੀ., ਫਰਿੱਜ ਖਰੀਦਣ ''ਤੇ ਮਿਲ ਸਕਦੇ ਹਨ ਇਹ ''ਤੋਹਫੇ''

Wednesday, Apr 25, 2018 - 11:07 AM (IST)

ਨਵੀਂ ਦਿੱਲੀ— ਇਕ ਪਾਸੇ ਗਰਮੀਆਂ ਨੇ ਦਸਤਕ ਦੇ ਦਿੱਤੀ ਹੈ ਪਰ ਹੁਣ ਤਕ ਏ. ਸੀ. ਅਤੇ ਫਰਿੱਜ ਦੀ ਮੰਗ ਸੁਸਤ ਹੈ। ਮਾਰਚ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਵਿਕਰੀ ਨੇ ਰਫਤਾਰ ਨਹੀਂ ਫੜ੍ਹੀ ਹੈ। ਅਜਿਹੇ 'ਚ ਵਿਕਰੀ ਵਧਾਉਣ ਲਈ ਏ. ਸੀ. ਅਤੇ ਫਰਿੱਜ ਕੰਪਨੀਆਂ ਵੱਡੇ ਆਫਰਜ਼ ਪੇਸ਼ ਕਰ ਸਕਦੀਆਂ ਹਨ। ਇਨ੍ਹਾਂ 'ਚ ਜ਼ੀਰੋ ਈ. ਐੱਮ. ਆਈ. ਦਾ ਬਦਲ ਜਾਂ ਕੋਈ ਖਾਸ ਛੋਟ ਵੀ ਦਿੱਤੀ ਜਾ ਸਕਦੀ ਹੈ। ਇਸ ਦੇ ਇਲਾਵਾ ਗਾਹਕਾਂ ਨੂੰ ਲੁਭਾਉਣ ਲਈ ਮੁਫਤ ਇੰਸਟਾਲੇਸ਼ਨ, ਜ਼ਿਆਦਾ ਵਾਰੰਟੀ, ਕੈਸ਼ਬੈਕ ਅਤੇ ਗਿਫਟ ਦੀ ਪੇਸ਼ਕਸ਼ ਹੋ ਸਕਦੀ ਹੈ। ਇੰਡਸਟਰੀ ਦੇ ਅੰਦਾਜ਼ਿਆਂ ਮੁਤਾਬਕ, ਮਾਰਚ ਅਤੇ ਅਪ੍ਰੈਲ ਦੇ ਤੀਜੇ ਹਫਤੇ ਵਿਚਕਾਰ ਏ. ਸੀ. ਦੀ ਵਿਕਰੀ ਪਿਛਲੇ ਸਾਲ ਦੀ ਤੁਲਨਾ 'ਚ 15 ਫੀਸਦੀ ਘਟੀ ਹੈ, ਜਦੋਂ ਕਿ ਫਰਿੱਜ ਦੀ ਵਿਕਰੀ 'ਚ ਕੋਈ ਬਦਲਾਅ ਨਹੀਂ ਹੈ। ਅਪ੍ਰੈਲ 'ਚ ਪ੍ਰਾਇਮਰੀ ਸੇਲ ਰਫਤਾਰ ਨਹੀਂ ਫੜ੍ਹ ਸਕੀ, ਯਾਨੀ ਰਿਟੇਲਰ ਪਹਿਲਾਂ ਤੋਂ ਰੱਖੇ ਮਾਲ ਨੂੰ ਹੀ ਨਹੀਂ ਕੱਢ ਸਕੇ ਹਨ। ਕੰਪਨੀਆਂ ਜਿਹੜਾ ਮਾਲ ਰਿਟੇਲਰ ਨੂੰ ਵੇਚਦੀਆਂ ਹਨ, ਉਸ ਨੂੰ ਪ੍ਰਾਇਮਰੀ ਸੇਲ ਕਹਿੰਦੇ ਹਨ। 

ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਖਰਾਬ ਵਿਕਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਅਗਲੇ ਮਹੀਨੇ ਰਿਟੇਲਰ ਅਤੇ ਕੰਪਨੀਆਂ ਪ੍ਰਮੋਸ਼ਨਲ ਆਫਰਜ਼ ਸ਼ੁਰੂ ਕਰ ਸਕਦੀਆਂ ਹਨ। ਗੋਦਰੇਜ ਅਪਲਾਇੰਸਜ਼ ਦੇ ਬਿਜ਼ਨਸ ਪ੍ਰਮੁਖ ਕਮਲ ਨੰਦੀ ਨੇ ਕਿਹਾ ਕਿ ਮੌਸਮ ਵਿਭਾਗ ਨੇ ਇਸ ਵਾਰ ਗਰਮੀ 'ਚ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਸੀ ਪਰ ਹੁਣ ਤਕ ਅਜਿਹਾ ਨਹੀਂ ਹੋਇਆ ਹੈ। ਸਟਾਕ 'ਚ ਪਏ ਮਾਲ ਨੂੰ ਕੱਢਣ 'ਚ ਮੁਸ਼ਕਿਲ ਹੋ ਰਹੀ ਹੈ। ਉੱਥੇ ਹੀ, ਟਾਪ ਕੰਪਨੀਆਂ ਅਤੇ ਰਿਟੇਲਰ ਉੱਤਰੀ, ਦੱਖਣੀ ਅਤੇ ਪੂਰਬੀ ਭਾਰਤ 'ਚ ਰੁਕ-ਰੁਕ ਕੇ ਹੋਈ ਬਾਰਸ਼ ਨੂੰ ਸੁਸਤ ਵਿਕਰੀ ਦਾ ਕਾਰਨ ਦੱਸ ਰਹੇ ਹਨ। ਹਾਲਾਂਕਿ ਇੰਡਸਟਰੀ ਦਾ ਕਹਿਣਾ ਹੈ ਕਿ ਕੁਝ ਹਿੱਸਿਆਂ 'ਚ ਮੰਗ ਚੰਗੀ ਰਹੀ ਹੈ। ਕੰਪਨੀਆਂ ਨੇ ਆਉਣ ਵਾਲੇ ਦਿਨਾਂ 'ਚ ਗਰਮੀ ਵਧਣ ਦੇ ਮੌਸਮ ਵਿਭਾਗ ਦੇ ਅਨੁਮਾਨ ਦੇ ਬਾਅਦ ਉਤਪਾਦਨ ਵਧਾ ਦਿੱਤਾ ਸੀ। ਪੈਨਾਸੋਨਿਕ ਇੰਡੀਆ ਦੇ ਸੀ. ਈ. ਓ. ਮਨੀਸ਼ ਸ਼ਰਮਾ ਮੁਤਾਬਕ, ਫਰਿੱਜ ਅਤੇ ਏ. ਸੀ. ਦੀ ਸਾਲਾਨਾ ਵਿਕਰੀ 'ਚ ਮਾਰਚ ਤੋਂ ਮਈ ਤਕ ਦੀ ਵਿਕਰੀ ਦਾ ਲਗਭਗ 40-50 ਫੀਸਦੀ ਯੋਗਦਾਨ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀਆਂ ਆਪਣਾ ਵਿਕਰੀ ਟੀਚਾ ਪੂਰਾ ਕਰਨ ਦੇ ਮਕਸਦ ਨਾਲ ਗਾਹਕਾਂ ਨੂੰ ਲੁਭਾ ਸਕਦੀਆਂ ਹਨ।


Related News