ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਇਹ ਐਲਾਨ
Friday, Aug 26, 2022 - 04:01 PM (IST)
ਨਵੀਂ ਦਿੱਲੀ - ਜੇਕਰ ਤੁਸੀਂ ਕਾਰ ਜਾਂ ਬਾਈਕ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਰਾਹਤ ਦੇਣ ਵਾਲੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਆਉਣ ਵਾਲੇ ਇੱਕ ਸਾਲ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਵਾਹਨਾਂ ਦੇ ਬਰਾਬਰ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਰ ਅਤੇ ਬਾਈਕ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕ ਕਾਫੀ ਖੁਸ਼ ਹਨ।
ਦਰਅਸਲ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਕਾਰਨ ਸਰਕਾਰ ਅਤੇ ਲੋਕ ਇਲੈਕਟ੍ਰਿਕ ਵਾਹਨਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਮਹਿੰਗੀ ਹੋਣ ਕਾਰਨ ਲੋਕ ਚਾਹੇ ਵੀ ਇਲੈਕਟ੍ਰਿਕ ਵਾਹਨ ਨਹੀਂ ਲੈ ਸਕਦੇ। ਪਰ ਵਾਹਨਾਂ ਦੀਆਂ ਕੀਮਤਾਂ ਨੂੰ ਲੈ ਕੇ ਨਿਤਿਨ ਗਡਕਰੀ ਵੱਲੋਂ ਕੀਤਾ ਗਿਆ ਐਲਾਨ ਲੋਕਾਂ ਨੂੰ ਰਾਹਤ ਦੇਣ ਵਾਲਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਭਾਰਤ ਵਿੱਚ ਆਉਣ ਵਾਲਾ ਸਮਾਂ ਇਲੈਕਟ੍ਰਿਕ ਮੋਬਿਲਿਟੀ ਦਾ ਹੈ।
ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਟੈਕਨਾਲੋਜੀ ਅਤੇ ਹਰੇ ਈਂਧਨ ਵਿੱਚ ਤੇਜ਼ੀ ਨਾਲ ਬਦਲਾਅ ਇਲੈਕਟ੍ਰਿਕ ਆਟੋਮੋਬਾਈਲਜ਼ ਦੀ ਲਾਗਤ ਨੂੰ ਘੱਟ ਕਰੇਗਾ। ਇਹੀ ਕਾਰਨ ਹੈ ਕਿ ਅਗਲੇ ਇੱਕ ਸਾਲ ਵਿੱਚ ਇਲੈਕਟ੍ਰਿਕ ਵਾਹਨ ਦੀ ਕੀਮਤ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਹੋ ਜਾਵੇਗੀ। ਪ੍ਰਭਾਵੀ ਸਵਦੇਸ਼ੀ ਈਂਧਨ ਵੱਲ ਜਾਣ ਦੀ ਜ਼ਰੂਰਤ ਬਾਰੇ ਗੱਲ ਕਰਦਿਆਂ, ਗਡਕਰੀ ਨੇ ਉਮੀਦ ਪ੍ਰਗਟਾਈ ਕਿ ਇਲੈਕਟ੍ਰਿਕ ਈਂਧਨ ਜਲਦੀ ਹੀ ਅਸਲੀਅਤ ਬਣ ਜਾਵੇਗਾ।