ਜੰਗ ਦੇ ਅਸਰ ਨਾਲ ਨਜਿੱਠਣ ਲਈ UAE ਨੇ ਖੋਲ੍ਹਿਆ ਖ਼ਜ਼ਾਨਾ, ਬੈਂਕ ਤੇ ਬਾਜ਼ਾਰ ਨੂੰ ਰਾਹਤ ਪੈਕੇਜ

Friday, Mar 20, 2026 - 05:19 AM (IST)

ਜੰਗ ਦੇ ਅਸਰ ਨਾਲ ਨਜਿੱਠਣ ਲਈ UAE ਨੇ ਖੋਲ੍ਹਿਆ ਖ਼ਜ਼ਾਨਾ, ਬੈਂਕ ਤੇ ਬਾਜ਼ਾਰ ਨੂੰ ਰਾਹਤ ਪੈਕੇਜ

ਦੁਬਈ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਈਰਾਨ-ਇਜ਼ਰਾਈਲ-ਅਮਰੀਕਾ ਵਿਚਕਾਰ ਜਾਰੀ ਤਣਾਅ ਵਿਚਕਾਰ ਅਰਥਵਿਵਸਥਾ ਨੂੰ ਝਟਕਿਆਂ ਤੋਂ ਬਚਾਉਣ ਲਈ ਵੱਡੇ ਕਦਮ ਚੁੱਕੇ ਗਏ ਹਨ। ਸੈਂਟਰਲ ਬੈਂਕ ਆਫ ਦਿ ਯੂ. ਏ. ਈ. ਨੇ ਬੈਂਕਾਂ ਲਈ ਪੰਜ ਸਤੰਭਾਂ ਵਾਲਾ ਰੈਜ਼ੀਲੀਅੰਸ ਪੈਕੇਜ ਜਾਰੀ ਕੀਤਾ ਹੈ, ਜਿਸ ਨਾਲ ਕਰਜ਼ਾ ਵੰਡ ਅਤੇ ਆਰਥਿਕ ਸਰਗਰਮੀਆਂ ਜਾਰੀ ਰਹਿ ਸਕਣ।

ਬੈਂਕਾਂ ਨੂੰ 30 ਫੀਸਦੀ ਰਿਜ਼ਰਵ ਵਰਤਣ ਦੀ ਛੋਟ
ਸੈਂਟਰਲ ਬੈਂਕ ਨੇ ਬੈਂਕਾਂ ਨੂੰ ਆਪਣੇ ਕੈਸ਼ ਰਿਜ਼ਰਵ ਦਾ 30 ਫੀਸਦੀ ਤੱਕ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਨਾਲ ਕਰੀਬ 120 ਅਰਬ ਦਿਰਹਮ (ਏ. ਈ. ਡੀ.) ਦੀ ਵਾਧੂ ਲਿਕਵਿਡਿਟੀ ਬਾਜ਼ਾਰ ’ਚ ਆਵੇਗੀ। ਫਿਲਹਾਲ ਬੈਂਕਾਂ ਦੇ ਕੁੱਲ ਰਿਜ਼ਰਵ 400 ਅਰਬ ਦਿਰਹਮ ਤੋਂ ਜ਼ਿਆਦਾ ਹਨ।

ਇਸ ਫੈਸਲੇ ਦਾ ਮਕਸਦ ਕੰਪਨੀਆਂ, ਨਿਵੇਸ਼ ਪ੍ਰਾਜੈਕਟਾਂ ਅਤੇ ਆਮ ਲੋਕਾਂ ਤੱਕ ਕਰਜ਼ੇ ਦੀ ਉਪਲਬਧਤਾ ਬਣਾਈ ਰੱਖਣਾ ਹੈ। ਸੈਰ-ਸਪਾਟਾ, ਲੌਜਿਸਟਿਕਸ ਅਤੇ ਰੀਅਲ ਅਸਟੇਟ ਵਰਗੇ ਸੈਕਟਰ ਪਹਿਲਾਂ ਹੀ ਇਸ ਤਣਾਅ ਨਾਲ ਪ੍ਰਭਾਵਿਤ ਹੋ ਰਹੇ ਹਨ।

1 ਟ੍ਰਿਲੀਅਨ ਦਿਰਹਮ ਦੇ ਫੋਰੈਕਸ ਰਿਜ਼ਰਵ ਨਾਲ ਭਰੋਸਾ
ਬੈਂਕਾਂ ਨੂੰ ਕਾਊਂਟਰਸਾਈਕਲੀਕਲ ਕੈਪੀਟਲ ਬਫਰ (ਸੀ. ਸੀ. ਵਾਈ. ਬੀ.) ਅਤੇ ਕੈਪੀਟਲ ਕੰਜ਼ਰਵੇਸ਼ਨ ਬਫਰ (ਸੀ. ਸੀ. ਬੀ.) ’ਚ ਅਸਥਾਈ ਰਾਹਤ ਦਿੱਤੀ ਗਈ ਹੈ, ਤਾਂ ਜੋ ਉਹ ਆਪਣੇ ਪੂੰਜੀ ਭੰਡਾਰ ਦੀ ਵਰਤੋਂ ਕਰ ਕੇ ਕਰਜ਼ਾ ਦੇਣਾ ਜਾਰੀ ਰੱਖ ਸਕਣ। ਯੂ.ਏ.ਈ. ਸੈਂਟਰਲ ਬੈਂਕ ਕੋਲ ਲਗਭਗ 1 ਟ੍ਰਿਲੀਅਨ ਦਿਰਹਮ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜੋ ਵਿੱਤੀ ਸਥਿਰਤਾ ਬਣਾਈ ਰੱਖਣ ਵਿਚ ਮਦਦ ਕਰੇਗਾ। ਬੈਂਕਿੰਗ ਸੈਕਟਰ ਦੀ ਕੁੱਲ ਲਿਕਵਿਡਿਟੀ ਕਰੀਬ 920 ਅਰਬ ਦਿਰਹਮ ਮਿਥੀ ਗਈ ਹੈ।

ਗਾਹਕਾਂ ਲਈ ਵੀ ਰਾਹਤ ਕਦਮ
ਸਰਕਾਰ ਨੇ ਉਪਭੋਗਤਾ ਖਰਚ ਵਧਾਉਣ ਲਈ ‘ਫਜ਼ਾ ਡਿਸਕਾਊਂਟ ਪ੍ਰੋਗਰਾਮ’ ਨੂੰ ਇਕ ਸਾਲ ਲਈ ਸਾਰੇ ਪਰਿਵਾਰਾਂ ਤੱਕ ਮੁਫ਼ਤ ਕਰ ਦਿੱਤਾ ਹੈ। ਇਸ ਦੇ ਤਹਿਤ ਕਰਿਆਨਾ, ਬਾਲਣ, ਰੈਸਟੋਰੈਂਟ, ਹੋਟਲ ਅਤੇ ਮਨੋਰੰਜਨ ’ਤੇ ਛੋਟ ਮਿਲੇਗੀ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕੰਟਰੋਲ ਹੇਠ ਰੱਖਣ ਲਈ ਸਰਕਾਰ ਨੇ 2 ਲੱਖ ਦਿਰਹਮ ਤੋਂ ਜ਼ਿਆਦਾ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ। ਹਾਲ ਹੀ ਵਿਚ 7,000 ਤੋਂ ਜ਼ਿਆਦਾ ਦੁਕਾਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 567 ਕਮੀਆਂ ਪਾਈਆਂ ਗਈਆਂ।

ਅਰਥਵਿਵਸਥਾ ਨੂੰ ਸਥਿਰ ਰੱਖਣ ਦੀ ਕੋਸ਼ਿਸ਼
ਦੁਬਈ ਚੈਂਬਰ ਆਫ ਕਾਮਰਸ ਲਗਾਤਾਰ ਵੱਖ-ਵੱਖ ਸੈਕਟਰਾਂ ਨਾਲ ਬੈਠਕਾਂ ਕਰ ਰਿਹਾ ਹੈ ਤਾਂ ਜੋ ਬਾਜ਼ਾਰ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਸਕੇ ਅਤੇ ਲੋੜ ਅਨੁਸਾਰ ਮਦਦ ਦਿੱਤੀ ਜਾ ਸਕੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਅਨਿਸ਼ਚਿਤਤਾ ਦੇ ਦੌਰ ਵਿਚ ਬਾਜ਼ਾਰ ਦਾ ਭਰੋਸਾ ਬਣਾਈ ਰੱਖਣ, ਜੋਖਮ ਘਟਾਉਣ ਅਤੇ ਆਰਥਿਕ ਸਰਗਰਮੀਆਂ ਨੂੰ ਜਾਰੀ ਰੱਖਣ ਵਿਚ ਅਹਿਮ ਸਾਬਤ ਹੋਣਗੇ। ਹਾਲਾਂਕਿ, ਜੇਕਰ ਤਣਾਅ ਲੰਬਾ ਖਿੱਚਦਾ ਹੈ ਤਾਂ ਅੱਗੇ ਹੋਰ ਉਪਾਵਾਂ ਦੀ ਲੋੜ ਪੈ ਸਕਦੀ ਹੈ।


author

Inder Prajapati

Content Editor

Related News