PhonePe ਦੇ IPO ''ਤੇ ਲੱਗੀ ''ਬਰੇਕ''! ਜੰਗ ਤੇ ਬਾਜ਼ਾਰ ਦੀ ਮੰਦੀ ਨੇ ਵਿਗਾੜੀ ਖੇਡ, ਜਾਣੋ ਹੁਣ ਕਦੋਂ ਹੋਵੇਗੀ ਲਿਸਟਿੰਗ

Monday, Mar 16, 2026 - 08:04 PM (IST)

PhonePe ਦੇ IPO ''ਤੇ ਲੱਗੀ ''ਬਰੇਕ''! ਜੰਗ ਤੇ ਬਾਜ਼ਾਰ ਦੀ ਮੰਦੀ ਨੇ ਵਿਗਾੜੀ ਖੇਡ, ਜਾਣੋ ਹੁਣ ਕਦੋਂ ਹੋਵੇਗੀ ਲਿਸਟਿੰਗ

ਨਵੀਂ ਦਿੱਲੀ- ਯੂ.ਪੀ.ਆਈ. ਪੇਮੈਂਟਸ ਦੀ ਦਿੱਗਜ ਕੰਪਨੀ PhonePe ਨੇ ਮੌਜੂਦਾ ਵਿਗੜਦੇ ਭੂ-ਸਿਆਸੀ ਹਾਲਾਤਾਂ ਅਤੇ ਬਾਜ਼ਾਰ ਵਿੱਚ ਜਾਰੀ ਉਤਾਰ-ਚੜ੍ਹਾਅ ਦੇ ਕਾਰਨ ਆਪਣੀ ਪਬਲਿਕ ਲਿਸਟਿੰਗ (IPO) ਦੀ ਪ੍ਰਕਿਰਿਆ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਹੈ। ਕੰਪਨੀ ਦੇ ਸੀ.ਈ.ਓ. ਅਤੇ ਸੰਸਥਾਪਕ ਸਮੀਰ ਨਿਗਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਭਾਰਤ ਵਿੱਚ ਪਬਲਿਕ ਲਿਸਟਿੰਗ ਲਈ ਪੂਰੀ ਤਰ੍ਹਾਂ ਵਚਨਬੱਧ ਹਨ, ਪਰ ਗਲੋਬਲ ਕੈਪੀਟਲ ਮਾਰਕੀਟ ਵਿੱਚ ਸਥਿਰਤਾ ਆਉਣ ਤੋਂ ਬਾਅਦ ਹੀ ਇਸ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ।

ਸੂਤਰਾਂ ਅਨੁਸਾਰ, ਈਰਾਨ ਜੰਗ ਅਤੇ ਅਮਰੀਕਾ-ਇਜ਼ਰਾਈਲ ਟਕਰਾਅ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਘਬਰਾਹਟ ਦਾ ਮਾਹੌਲ ਹੈ। ਇਸ IPO ਰਾਹੀਂ ਕੰਪਨੀ ਦਾ ਵੈਲਿਊਏਸ਼ਨ 15 ਅਰਬ ਡਾਲਰ ਹੋਣ ਦੀ ਉਮੀਦ ਸੀ ਅਤੇ ਕੰਪਨੀ ਆਫਰ ਫਾਰ ਸੇਲ (OFS) ਰਾਹੀਂ ਲਗਭਗ 12,000 ਕਰੋੜ ਰੁਪਏ (1.35 ਅਰਬ ਡਾਲਰ) ਜੁਟਾਉਣ ਦੀ ਤਿਆਰੀ ਕਰ ਰਹੀ ਸੀ। ਮਾਹਿਰਾਂ ਅਨੁਸਾਰ, ਮੌਜੂਦਾ ਬਾਜ਼ਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਵੱਡੇ IPO ਲਈ ਲੋੜੀਂਦੀ ਨਕਦੀ (Liquidity) ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।

PhonePe ਦੀ ਯੂ.ਪੀ.ਆਈ. ਪੇਮੈਂਟਸ ਮਾਰਕੀਟ ਵਿੱਚ 45 ਫੀਸਦੀ ਹਿੱਸੇਦਾਰੀ ਹੈ, ਜਦਕਿ ਇਸਦੀ ਸਭ ਤੋਂ ਕਰੀਬੀ ਵਿਰੋਧੀ ਕੰਪਨੀ ਗੂਗਲ ਪੇਅ (Google Pay) ਦੀ ਹਿੱਸੇਦਾਰੀ ਲਗਭਗ 35 ਫੀਸਦੀ ਹੈ। ਇਹ ਪਲੇਟਫਾਰਮ ਹਰ ਮਹੀਨੇ ਲਗਭਗ 10 ਅਰਬ ਟ੍ਰਾਂਜੈਕਸ਼ਨਾਂ ਪ੍ਰੋਸੈਸ ਕਰਦਾ ਹੈ, ਜਿਨ੍ਹਾਂ ਦਾ ਕੁੱਲ ਮੁੱਲ 12 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੁੰਦਾ ਹੈ। ਜ਼ਿਕਰਯੋਗ ਹੈ ਕਿ PhonePe ਨੂੰ 20 ਜਨਵਰੀ ਨੂੰ ਹੀ ਮਾਰਕੀਟ ਰੈਗੂਲੇਟਰ ਸੇਬੀ (SEBI) ਤੋਂ ਆਪਣੇ IPO ਲਈ ਮਨਜ਼ੂਰੀ ਮਿਲ ਗਈ ਸੀ।

ਜੇਕਰ ਇਹ IPO ਸਮੇਂ ਸਿਰ ਆਉਂਦਾ, ਤਾਂ ਇਹ 2021 ਵਿੱਚ ਆਏ Paytm ਦੇ IPO ਤੋਂ ਬਾਅਦ 'ਨਿਊ ਇਕਾਨਮੀ' ਸ਼੍ਰੇਣੀ ਦੀ ਦੂਜੀ ਸਭ ਤੋਂ ਵੱਡੀ ਲਿਸਟਿੰਗ ਬਣ ਸਕਦੀ ਸੀ। ਕੰਪਨੀ ਦੇ ਹੋਰ ਵੀ ਕਈ ਕਾਰੋਬਾਰੀ ਖੇਤਰ ਹਨ, ਜਿਵੇਂ ਕਿ ਸ਼ੇਅਰ ਬਾਜ਼ਾਰ ਟ੍ਰੇਡਿੰਗ ਐਪ 'share.market', ਲੈਂਡਿੰਗ ਪਲੇਟਫਾਰਮ ਅਤੇ ਇੰਸ਼ੋਰੈਂਸ ਪਾਲਿਸੀਆਂ ਦੀ ਵਿਕਰੀ। ਫਿਲਹਾਲ, ਨਿਵੇਸ਼ਕਾਂ ਨੂੰ ਹੁਣ ਬਾਜ਼ਾਰ ਵਿੱਚ ਸਥਿਰਤਾ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ।


author

Rakesh

Content Editor

Related News