ਈਰਾਨ-ਅਮਰੀਕਾ ਜੰਗ ਦਾ ਅਸਰ: ਡੇਅਰੀ ਉਦਯੋਗ ''ਚ ਮਚੀ ਹਾਹਾਕਾਰ, ਦੁੱਧ ਦੀ ਸਪਲਾਈ ''ਤੇ ਮੰਡਰਾਇਆ ਵੱਡਾ ਖ਼ਤਰਾ
Monday, Mar 16, 2026 - 04:45 PM (IST)
ਬਿਜਨੈੱਸ ਡੈਸਕ: ਈਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਦਾ ਅਸਰ ਹੁਣ ਸਿੱਧਾ ਆਮ ਲੋਕਾਂ ਦੀ ਰਸੋਈ 'ਤੇ ਪੈਣ ਜਾ ਰਿਹਾ ਹੈ। ਐਲ.ਪੀ.ਜੀ. (LPG) ਦੀ ਭਾਰੀ ਕਿੱਲਤ ਕਾਰਨ ਡੇਅਰੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਦੁੱਧ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦਾ ਕੰਮ ਅੱਧ ਵਿਚਾਲੇ ਲਟਕ ਗਿਆ ਹੈ। ਜੇਕਰ ਸਥਿਤੀ ਜਲਦੀ ਨਾ ਸੁਧਰੀ ਤਾਂ ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀ ਸਪਲਾਈ ਠੱਪ ਹੋ ਸਕਦੀ ਹੈ।
ਸਿਰਫ਼ 10 ਦਿਨਾਂ ਦਾ ਬਚਿਆ ਸਟਾਕ
ਮਹਾਰਾਸ਼ਟਰ ਦੇ ਕਈ ਡੇਅਰੀ ਸੰਚਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਗੈਸ ਦੀ ਅਨਿਯਮਿਤ ਸਪਲਾਈ ਕਾਰਨ ਦੁੱਧ ਨੂੰ ਸੁਰੱਖਿਅਤ ਰੱਖਣ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। 'ਗੋਵਰਧਨ ਡੇਅਰੀ' ਦੇ ਸੰਸਥਾਪਕ ਦੇਵੇਂਦਰ ਸ਼ਾਹ ਮੁਤਾਬਕ, ਦੁੱਧ ਦੇ ਪੈਕਟ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਗੈਸ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਕੋਲ ਪੈਕਿੰਗ ਸਮੱਗਰੀ ਦਾ ਸਟਾਕ ਸਿਰਫ਼ 10 ਦਿਨਾਂ ਲਈ ਬਚਿਆ ਹੈ। ਅਜਿਹੀ ਹੀ ਚਿੰਤਾ 'ਸੁਰੇਸ਼ ਡੇਅਰੀ' ਦੇ ਪ੍ਰਬੰਧਕਾਂ ਨੇ ਵੀ ਪ੍ਰਗਟਾਈ ਹੈ।
ਹੋਟਲਾਂ ਤੇ ਰੈਸਟੋਰੈਂਟਾਂ ਨੇ ਘਟਾਏ ਆਰਡਰ
ਗੈਸ ਸੰਕਟ ਦਾ ਦੋਹਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਉਤਪਾਦਨ ਪ੍ਰਭਾਵਿਤ ਹੈ, ਦੂਜੇ ਪਾਸੇ ਹੋਟਲ ਅਤੇ ਰੈਸਟੋਰੈਂਟ ਖ਼ੁਦ ਐਲ.ਪੀ.ਜੀ. ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਦੁੱਧ ਦੇ ਆਰਡਰ ਘਟਾ ਦਿੱਤੇ ਹਨ। 'ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ' ਮੁਤਾਬਕ, ਮੰਗ ਘਟਣ ਕਾਰਨ ਛੋਟੇ ਡੇਅਰੀ ਸੰਚਾਲਕ ਦੁੱਧ ਨੂੰ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹਨ।
ਵੱਡੀਆਂ ਡੇਅਰੀਆਂ ਕੋਲ ਫਿਲਹਾਲ ਰਾਹਤ
ਹਾਲਾਂਕਿ, ਅਮੂਲ ਅਤੇ ਮਦਰ ਡੇਅਰੀ ਵਰਗੀਆਂ ਵੱਡੀਆਂ ਕੰਪਨੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਪਲਾਈ ਫਿਲਹਾਲ ਆਮ ਵਾਂਗ ਹੈ। ਅਮੂਲ ਦੇ ਐਮ.ਡੀ. ਜੈੇਨ ਮਹਿਤਾ ਅਨੁਸਾਰ, ਉਹ ਆਪਣੀ ਗੈਸ ਦੀ ਲੋੜ ਨੂੰ ਡੀਜ਼ਲ ਅਤੇ ਹੋਰ ਬਦਲਵੇਂ ਈਂਧਨਾਂ ਰਾਹੀਂ ਪੂਰਾ ਕਰ ਰਹੇ ਹਨ। ਮਦਰ ਡੇਅਰੀ ਵੀ ਆਪਣੇ ਪ੍ਰੋਸੈਸਿੰਗ ਸੈਂਟਰਾਂ 'ਤੇ PNG ਦੀ ਵਰਤੋਂ ਕਰ ਰਹੀ ਹੈ। ਪਰ ਜੇਕਰ ਜੰਗ ਲੰਬੀ ਖਿੱਚੀ ਗਈ ਤਾਂ ਸਮੁੱਚੇ ਉਦਯੋਗ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
