ਟਵਿਟਰ ਨੇ ਬਲੂ ਟਿਕ ਸਬਸਕ੍ਰਿਪਸ਼ਨ ’ਤੇ ਲਗਾਈ ਰੋਕ ; ਤੇਜ਼ੀ ਨਾਲ ਵਧਦੇ ਫੇਕ ਅਕਾਊਂਟ ਕਾਰਨ ਲਿਆ ਫ਼ੈਸਲਾ
Sunday, Nov 13, 2022 - 10:26 AM (IST)

ਬਿਜਨੈੱਸ ਡੈਸਕ–ਟਵਿਟਰ ਨੇ ਬਲੂ ਸਬਸਕ੍ਰਿਪਸ਼ਨ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਟਵਿਟਰ ਨੇ ਆਪਣੀ 7.99 ਡਾਲਰ ’ਚ ਦਿੱਤੀ ਜਾਣ ਵਾਲੀ ਟਵਿਟਰ ਬਲੂ ਸਬਸਕ੍ਰਿਪਸ਼ਨ ਸਰਵਿਸ ਨੂੰ ਰੋਕ ਦਿੱਤਾ ਹੈ। ਟਵਿਟਰ ਨੇ ਆਪਣੇ ਆਈ. ਓ. ਐੱਸ. ਯੂਜ਼ਰਸ ਲਈ ਇਹ ਸੇਵਾ ਸ਼ੁਰੂ ਕੀਤੀ ਸੀ ਪਰ ਮੈਸ਼ੇਬਲ ਦੀ ਰਿਪੋਰਟ ਮੁਤਾਬਕ ਟਵਿਟਰ ਦੇ ਆਈ. ਓ. ਐੱਸ. ਐਪ ਦੇ ਸਾਈਡਬਾਰ ’ਚ ਬਲੂ ਸਬਸਕ੍ਰਿਪਸ਼ਨ ਲੈਣ ਲਈ ਜੋ ਆਪਸ਼ਨ ਪਹਿਲਾਂ ਮੁਹੱਈਆ ਸੀ, ਉਹ ਹੁਣ ਦਿਖਾਈ ਨਹੀਂ ਦੇ ਰਿਹਾ ਹੈ।
ਦਿ ਵਰਜ ਨੇ ਵੀ ਇਹ ਨੋਟਿਸ ਕੀਤਾ ਕਿ ਯੂਜ਼ਰਸ ਨੂੰ ਇਹ ਸਹੂਲਤ ਨਹੀਂ ਮਿਲ ਰਹੀ ਹੈ। ਯੂਜ਼ਰਸ ਨੂੰ ਇਕ ਮੈਸੇਜ ਮਿਲਿਆ, ਜਿਸ ’ਚ ਲਿਖਿਆ ਸੀ ਕਿ ਤੁਹਾਡੀ ਰੁਚੀ ਲਈ ਧੰਨਵਾਦ। ਟਵਿਟਰ ਬਲੂ ਭਵਿੱਖ ’ਚ ਤੁਹਾਡੇ ਦੇਸ਼ ’ਚ ਮੁਹੱਈਆ ਹੋਵੇਗਾ। ਕ੍ਰਿਪਾ ਬਾਅਦ ’ਚ ਦੇਖੋ। ਪੇਡ ਵੈਰੀਫਿਕੇਸ਼ਨ ਫੀਚਰ ਦੇ ਰੋਲ ਆਊਟ ਹੁੰਦੇ ਹੀ ਟਵਿਟਰ ’ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੀਆਂ ਮਸ਼ਹੂਰ ਹਸਤੀਆਂ ਦੇ ਕਈ ਫਰਜ਼ੀ ਅਕਾਊਂਟ ਸਾਹਮਣੇ ਆ ਗਏ। ਇੰਨਾ ਹੀ ਨਹੀਂ ਕੁੱਝ ਵੈਰੀਫਾਈਡ ਅਕਾਊਂਟਸ ਨੇ ਗੇਮਿੰਗ ਕਰੈਕਟਰ ‘ਸੁਪਰ ਮਾਰੀਓ’ ਅਤੇ ਬਾਸਕੇਟਬਾਲ ਖਿਡਾਰੀ ਲੇਬ੍ਰੋਨ ਜੇਮਸ ਦਾ ਵੀ ਫਰਜ਼ੀ ਅਕਾਊਂਟ ਬਣਾ ਲਿਆ।
ਐਲਨ ਮਸਕ ਨੇ ਆਪਣੇ ਹੱਥ ’ਚ ਲਿਆ ਮਾਮਲਾ
ਇਸ ਤੋਂ ਬਾਅਦ ਮਾਮਲੇ ਨੂੰ ਆਪਣੇ ਹੱਥ ’ਚ ਲੈਂਦੇ ਹੋਏ ਐਲਨ ਮਸਕ ਨੇ ਟਵੀਟ ਕੀਤਾ ਕਿ ਕਿਸੇ ਹੋਰ ਨੂੰ ਦਰਸਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਅਕਾਊਂਟ ਨੂੰ ਉਦੋਂ ਤੱਕ ਲਈ ਬੰਦ ਕਰ ਦਿੱਤਾ ਜਾਵੇਗਾ ਜਦ ਤੱਕ ਕਿ ਉਹ ਇਸ ਨੂੰ ਇ ਪੈਰੋਡੀ ਅਕਾਊਂਟ ਐਲਾਨ ਨਹੀਂ ਕਰਦੇ। ਪਹਿਲਾਂ ਟਵਿਟਰ ’ਤੇ ਬਲੂ ਟਿਕ ਯੂਜ਼ਰਸ ਨੂੰ ਆਈਡੈਂਟਿਟੀ ਵੈਰੀਫਿਕੇਸ਼ਨ ਤੋਂ ਬਾਅਦ ਮਿਲਦਾ ਸੀ, ਜਿਸ ਨਾਲ ਉਸ ਯੂਜ਼ਰ ਦੀ ਆਥੈਂਟੀਕੇਸ਼ਨ ਹੋਰ ਸਹੀ ਹੋਣ ਦਾ ਪਤਾ ਲਗਦਾ ਸੀ। ਹੁਣ ਯੂਜ਼ਰਸ ਪੈਸੇ ਦੇ ਕੇ ਬਲੂ ਟਿਕ ਖਰੀਦ ਸਕਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।