ਜੂਨ ’ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 10 ਫੀਸਦੀ ਵਧੀ : ਫਾਡਾ

Thursday, Jul 06, 2023 - 06:05 PM (IST)

ਜੂਨ ’ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 10 ਫੀਸਦੀ ਵਧੀ : ਫਾਡਾ

ਨਵੀਂ ਦਿੱਲੀ (ਭਾਸ਼ਾ) – ਘਰੇਲੂ ਬਾਜ਼ਾਰ ’ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਜੂਨ ’ਚ 10 ਫੀਸਦੀ ਵਧੀ ਹੈ। ਇਸ ’ਚ ਯਾਤਰੀ ਵਾਹਨ ਅਤੇ ਦੋਪਹੀਆ ਵਾਹਨ ਸ਼ਾਮਲ ਹਨ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਇਕ ਸਾਲ ਪਹਿਲਾਂ ਇਸੇ ਸਮੇਂ ਦੇ ਦੌਰਾਨ ਦੇ 17,01,105 ਇਕਾਈ ਦੇ ਅੰਕੜੇ ਤੋਂ ਵਧ ਕੇ 18,63,868 ਇਕਾਈ ਹੋ ਗਈ। ਜੂਨ ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਪੰਜ ਫੀਸਦੀ ਵਧ ਕੇ 2,95,299 ਇਕਾਈ ’ਤੇ ਪੁੱਜ ਗਈ। ਜੂਨ 2022 ਵਿਚ ਘਰੇਲੂ ਬਾਜ਼ਾਰ ’ਚ 2,81,811 ਯਾਤਰੀ ਵਾਹਨ ਵੇਚੇ ਗਏ ਸਨ।

ਇਸ ਤਰ੍ਹਾਂ ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਵਿਕਰੀ ਸੱਤ ਫੀਸਦੀ ਵਧ ਕੇ 13,10,186 ਇਕਾਈ ’ਤੇ ਪੁੱਜ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 12,27,149 ਦੋਪਹੀਆ ਵਾਹਨ ਵਿਕੇ ਸਨ। ਤਿੰਨ ਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਜੂਨ ਦੇ 49,299 ਇਕਾਈ ਦੇ ਅੰਕੜੇ ਤੋਂ 75 ਫੀਸਦੀ ਵਧ ਕੇ 86,511 ਇਕਾਈ ਹੋ ਗਈ। ਟਰੈਕਟਰਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 45 ਫੀਸਦੀ ਵਧ ਕੇ 98,660 ਇਕਾਈ ਹੋ ਗਈ ਜਦ ਕਿ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਜੂਨ 2022 ਦੇ 72,894 ਇਕਾਈ ਦੇ ਅੰਕੜੇ ਤੋਂ ਮਾਮੂਲੀ ਵਾਧੇ ਨਾਲ 72,212 ਇਕਾਈ ਰਹੀ।

ਫਾਡਾ ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਸਾਲਾਨਾ ਆਧਾਰ ’ਤੇ ਵਾਹਨਾਂ ਦੀ ਪ੍ਰਚੂਨ ਵਿਕਰੀ 10 ਫੀਸਦੀ ਵਧੀ ਹੈ। ਉੱਥੇ ਹੀ ਦੂਜੇ ਪਾਸੇ ਮਹੀਨਾ-ਦਰ-ਮਹੀਨਾ ਆਧਾਰ ’ਤੇ ਵਿਕਰੀ ’ਚ 8 ਫੀਸਦੀ ਦੀ ਗਿਰਾਵਟ ਆਈ ਹੈ। ਇਹ ਥੋੜੇ ਸਮੇਂ ਲਈ ਵਾਹਨ ਬਾਜ਼ਾਰ ’ਚ ਨਰਮੀ ਦਾ ਇਸ਼ਾਰਾ ਕਰਦਾ ਹੈ।


author

Harinder Kaur

Content Editor

Related News