ਜੀਓ ਨੇ Airtel ਅਤੇ Vodafone 'ਤੇ ਲਗਾਇਆ ਧੋਖਾਧੜੀ ਦਾ ਦੋਸ਼

10/17/2019 6:01:46 PM

ਨਵੀਂ ਦਿੱਲੀ — ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਭਾਰਤੀ ਏਅਰਟੈਲ ਅਤੇ ਵੋਡਾਫੋਨ ਆਈਡੀਆ ਲਿਮਟਿਡ ਉੱਤੇ ਲੈਂਡਲਾਈਨ ਨੰਬਰਾਂ ਨੂੰ ਮੋਬਾਈਲ ਨੰਬਰ ਕਹਿ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਜੀਓ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੂੰ ਪੱਤਰ ਲਿਖ ਕੇ ਦੋਵਾਂ ਕੰਪਨੀਆਂ ਨੂੰ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਭਾਰਤੀ ਏਅਰਟੈੱਲ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਜਾ ਰਹੇ ਕਾਲ ਨੂੰ ਜੋੜਣ ਵਾਲੇ ਚਾਰਜ(ਇੰਟਰਕੁਨੈਕਟ ਯੂਜੇਜ਼ ਚਾਰਜਿਸ) ਨੂੰ ਲੈ ਕੇ ਸਲਾਹ ਕਰਨ ਤੋਂ ਪਹਿਲਾਂ ਜੀਓ ਟਰਾਈ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜੀਓ ਨੇ ਟ੍ਰਾਈ ਨੂੰ ਲਿਖੀ ਚਿੱਠੀ 'ਚ ਲਿਖਿਆ ਹੈ ਕਿ ਦੋਵੇਂ ਮੁਕਾਬਲਾ ਕਰਨ ਵਾਲੀਆਂ ਕੰਪਨੀਆਂ ਨੇ ਆਪਣੇ ਕਾਰਪੋਰੇਟ ਉਪਭੋਗਤਾਵਾਂ ਨੂੰ ਹੈਲਪਲਾਈਨ ਨੰਬਰਾਂ ਲਈ ਦਿੱਤੇ ਲੈਂਡਲਾਈਨ ਨੰਬਰਾਂ ਨੂੰ ਮੋਬਾਈਲ ਨੰਬਰ ਦੱਸ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਹੈ। ਇਸ ਤਰ੍ਹਾਂ ਨਾਲ ਉਸ ਨੂੰ (ਜੀਓ) ਨੂੰ ਵੀ ਸੈਂਕੜੇ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੀਓ ਨੇ ਕਿਹਾ ਕਿ ਅਜਿਹਾ ਕਰਨ ਨਾਲ ਦੋਵੇਂ ਕੰਪਨੀਆਂ ਨੂੰ ਗਲਤ ਤਰੀਕੇ ਨਾਲ ਕਮਾਈ ਹੋਈ ਹੈ। ਕੰਪਨੀ ਨੇ ਦੋਵਾਂ ਪ੍ਰਤੀਯੋਗੀ ਕੰਪਨੀਆਂ ਖ਼ਿਲਾਫ਼ ਟਰਾਈ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵੋਡਾਫੋਨ ਆਈਡੀਆ ਨੇ ਜੀਓ ਦੇ ਇਸ ਨਵੇਂ ਦੋਸ਼ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


Related News