ਟਮਾਟਰ ਹੋਏ ਮਹਿੰਗੇ, ਇੰਨੇ ਚੜ੍ਹੇ ਮੁੱਲ

07/11/2017 8:29:09 AM

ਨਵੀਂ ਦਿੱਲੀ— ਬਾਰਿਸ਼ ਦੇ ਕਾਰਨ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਖੇਤੀਬਾੜੀ ਉਤਪਾਦਕ ਸੂਬਿਆਂ 'ਚ ਫਸਲ ਦੇ ਬਰਬਾਦ ਹੋਣ ਕਾਰਨ ਦੇਸ਼ ਦੇ ਸਾਰੇ ਪ੍ਰਚੂਨ ਬਾਜ਼ਾਰਾਂ 'ਚ ਟਮਾਟਰ ਦੀਆਂ ਕੀਮਤਾਂ 60 ਤੋਂ 75 ਰੁਪਏ ਕਿਲੋ ਦੀ ਉਚਾਈ 'ਤੇ ਪਹੁੰਚ ਗਈਆਂ ਹਨ। ਹਾਲਾਂਕਿ ਕੁਝ ਹਿੱਸਿਆਂ 'ਚ ਬਾਰਿਸ਼ ਘਟਣ ਕਾਰਨ ਇਸ ਫਸਲ ਦੇ ਮੰਡੀ ਤੱਕ ਪਹੁੰਚਣ ਨਾਲ ਆਉਣ ਵਾਲੇ ਦਿਨਾਂ 'ਚ ਸਪਲਾਈ 'ਚ ਸੁਧਾਰ ਹੋਣ ਦੀ ਉਮੀਦ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਟਮਾਟਰ ਦੀ ਕੀਮਤ 'ਚ ਪਿਛਲੇ 2 ਹਫ਼ਤਿਆਂ 'ਚ ਤੇਜ਼ੀ ਆਈ ਹੈ। 
ਕੋਲਕਾਤਾ 'ਚ ਇਹ 75 ਰੁਪਏ ਕਿਲੋ ਦੇ ਭਾਅ 'ਤੇ ਵਿਕ ਰਿਹਾ ਹੈ ਜਦੋਂ ਕਿ ਦਿੱਲੀ 'ਚ ਇਹ 70 ਰੁਪਏ ਕਿਲੋ, ਚੇਨਈ 'ਚ 60 ਅਤੇ ਮੁੰਬਈ 'ਚ 59 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਉਪਲੱਬਧ ਹੈ। 
ਬਾਰਿਸ਼ ਨਾਲ ਹੋਈ ਫਸਲ ਪ੍ਰਭਾਵਿਤ
ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ. ਸੀ. ਏ. ਆਰ.) ਦੇ ਵਾਈਸ ਡਾਇਰੈਕਟਰ ਜਨਰਲ (ਬਾਗਬਾਨੀ) ਏ. ਕੇ. ਸਿੰਘ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਨੇ ਨਾ ਸਿਰਫ ਕਰਨਾਟਕ ਵਰਗੇ ਵੱਡੇ ਉਤਪਾਦਕ ਸੂਬਿਆਂ 'ਚ ਟਮਾਟਰ ਦੀ ਫਸਲ ਨੂੰ ਨੁਕਸਾਨਿਆ ਹੈ ਸਗੋਂ ਇਸ ਦੀ ਟ੍ਰਾਂਸਪੋਰਟੇਸ਼ਨ ਨੂੰ ਵੀ ਪ੍ਰਭਾਵਿਤ ਕੀਤਾ ਹੈ।   ਸਰਕਾਰੀ ਅੰਦਾਜ਼ੇ ਅਨੁਸਾਰ ਦੇਸ਼ ਦਾ ਟਮਾਟਰ ਉਤਪਾਦਨ ਫਸਲ ਸਾਲ 2016-17 (ਜੁਲਾਈ ਤੋਂ ਜੂਨ) 'ਚ 15 ਫ਼ੀਸਦੀ ਜ਼ਿਆਦਾ ਯਾਨੀ 187 ਲੱਖ ਟਨ ਹੋਣ ਦਾ ਅੰਦਾਜ਼ਾ ਹੈ।


Related News