ਚੋਣ ਪ੍ਰਚਾਰ ਦੌਰਾਨ ਭਾਵੁਕ ਹੋਏ CM ਮਾਨ, ਕਿਹਾ- ਇਹ ਹੰਝੂ ਫਜ਼ੂਲ ਨਹੀਂ ਜਾਣਗੇ

Wednesday, Apr 17, 2024 - 10:33 AM (IST)

ਚੋਣ ਪ੍ਰਚਾਰ ਦੌਰਾਨ ਭਾਵੁਕ ਹੋਏ CM ਮਾਨ, ਕਿਹਾ- ਇਹ ਹੰਝੂ ਫਜ਼ੂਲ ਨਹੀਂ ਜਾਣਗੇ

ਭਾਵਨਗਰ/ਚੰਡੀਗੜ੍ਹ (ਅੰਕੁਰ )- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ''ਤੇ ਗੁਜਰਾਤ ''ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਗੁਜਰਾਤ ਦੇ ਭਾਵਨਗਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ 'ਚ ਰੋਡ ਸ਼ੋਅ ਵਿਚ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਮੂਡ ਦੇਖ ਕੇ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਗੁਜਰਾਤ 'ਚ ਕ੍ਰਾਂਤੀ ਸ਼ੁਰੂ ਹੋ ਜਾਵੇਗੀ। ਇਸ ਚੋਣ ''ਚ ਗੁਜਰਾਤ 'ਚ ਇਕ ਨਵੀਂ ਕਹਾਣੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੈ। ਅਸੀਂ ਇਸ ਨੂੰ ਹਰ ਕੀਮਤ ''ਤੇ ਜਿੱਤਣਾ ਹੈ। ਰੋਡ ਸ਼ੋਅ ਦੌਰਾਨ ਆਪਣੇ ਭਾਸ਼ਣ ਦੌਰਾਨ ਜੇਲ੍ਹ ''ਚ ਬੰਦ ''ਆਪ'' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਕਹਾਣੀ ਸੁਣਾਉਂਦੇ ਹੋਏ ਭਗਵੰਤ ਮਾਨ ਕਾਫ਼ੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ''ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਹ ਮੁਲਾਕਾਤ ਵੀ ਇਸ ਤਰ੍ਹਾਂ ਕਰਵਾ ਰਹੇ ਹਨ, ਜਿਵੇਂ ਉਹ ਕੋਈ ਵੱਡਾ ਅੱਤਵਾਦੀ ਹੋਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਾਡੇ ਇਹ ਹੰਝੂ ਵਿਅਰਥ ਨਹੀਂ ਜਾਣਗੇ। ਦੇਸ਼ ਦੀ ਜਨਤਾ ਭਾਜਪਾ ਦੇ ਅੱਤਿਆਚਾਰਾਂ ਦਾ ਜਵਾਬ ਵੋਟ ਰਾਹੀਂ ਦੇਵੇਗੀ ਅਤੇ ਉਸ ਨੂੰ ਹਰਾ ਕੇ ਸੱਤਾ ਤੋਂ ਲਾਂਭੇ ਕਰੇਗੀ। 

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਤਾਨਾਸ਼ਾਹੀ ਦਾ ਜਵਾਬ ਦੇਣ ਲਈ ਕੇਜਰੀਵਾਲ ਬਣਨ। ਮਾਨ ਨੇ ਲੋਕਾਂ ਤੋਂ ਕੇਜਰੀਵਾਲ ਦੇ ਸਮਰਥਨ ''ਚ ''ਜੇਲ੍ਹਾਂ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ'' ਦੇ ਨਾਅਰੇ ਲਗਵਾਏ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ। ਜਿੱਥੇ ਵੀ ਉਹ ਮੈਨੂੰ ਭੇਜਦੇ ਹਨ ਮੈਂ ਜਾਂਦਾ ਹਾਂ। ਅੱਜ ਮੇਰੀ ਡਿਊਟੀ ਗੁਜਰਾਤ ਲੱਗੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਇਕ ਹੀ ਨੇਤਾ ਹੈ ਜੋ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਭਾਜਪਾ ਨੇ ਇਕ ਸਾਜ਼ਿਸ਼ ਤਹਿਤ ਕੇਜਰੀਵਾਲ ਨੂੰ ਝੂਠੇ ਕੇਸ 'ਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤਾਂ ਜੋ ਉਹ ਲੋਕ ਸਭਾ ਚੋਣਾਂ 'ਚ ਪ੍ਰਚਾਰ ਨਾ ਕਰ ਸਕਣ। 

ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ਼ਲਤੀ ਸੀ ਕਿ ਉਨ੍ਹਾਂ ਨੇ ਗ਼ਰੀਬਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ, ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ, ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ 'ਚ ਚੰਗੇ ਸਰਕਾਰੀ ਸਕੂਲ ਬਣਾਏ ਅਤੇ ਉਨ੍ਹਾਂ ਨੇ ਬਿਜਲੀ ਅਤੇ ਪਾਣੀ ਮੁਫ਼ਤ ਕਰ ਦਿੱਤਾ। ਜਿਸ ਕਾਰਨ ਆਮ ਲੋਕਾਂ ਨੂੰ ਆਰਥਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਇਕ ਵਿਅਕਤੀ ਨਹੀਂ, ਇਕ ਵਿਚਾਰ ਹੈ। ਤੁਸੀਂ ਕੇਜਰੀਵਾਲ ਨੂੰ ਅੰਦਰ ਕਰ ਸਕਦੇ ਹੋ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਅੰਦਰ ਕਰੋਗੇ। ਦੇਸ਼ ਵਿਚ ਜਿਹੜੇ ਲੱਖਾਂ-ਕਰੋੜਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ, ਉਨ੍ਹਾਂ ਦਾ ਕੀ ਕਰੋਗੇ? ਤੁਸੀਂ ਉਨ੍ਹਾਂ ਨੂੰ ਕਿਹੜੀ ਜੇਲ੍ਹ ਵਿਚ ਬੰਦ ਕਰੋਗੇ? ਉਨ੍ਹਾਂ ਕਿਹਾ ਕਿ ਦੇਸ਼ 'ਚ ਪਹਿਲੀ ਵਾਰ ਕੇਜਰੀਵਾਲ ਨੇ ਨਾਮ ਦੀ ਰਾਜਨੀਤੀ ਦੀ ਬਜਾਏ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਇਸ ਵਾਰ ਵੀ ਲੋਕ ਕੰਮ ਦੀ ਰਾਜਨੀਤੀ ਨੂੰ ਵੋਟ ਦੇਣਗੇ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪੂਰੇ ਭਾਰਤ ਦੀ ਸਿਆਸੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨਗੇ।


author

Tanu

Content Editor

Related News