ਦੁਬਈ ''ਚ ਜਾਣਾ ਹੈ ਪੈਸਾ ਕਮਾਉਣ, ਤਾਂ ਇਸ ਵੀਜ਼ੇ ''ਤੇ ਨਾ ਕਰੋ ਸਫਰ!

Sunday, Aug 06, 2017 - 07:59 AM (IST)

ਦੁਬਈ ''ਚ ਜਾਣਾ ਹੈ ਪੈਸਾ ਕਮਾਉਣ, ਤਾਂ ਇਸ ਵੀਜ਼ੇ ''ਤੇ ਨਾ ਕਰੋ ਸਫਰ!

ਨਵੀਂ ਦਿੱਲੀ— ਜੇਕਰ ਤੁਸੀਂ ਦੁਬਈ ਜਾ ਕੇ ਪੈਸਾ ਕਮਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਸ ਨੂੰ ਪੂਰਾ ਕਰਨ ਲਈ ਕਿਸੇ ਵੀ ਲਾਲਚ 'ਚ ਜਾਂ ਜਲਦਬਾਜ਼ੀ 'ਚ ਕਦਮ ਨਾ ਚੁੱਕੋ। ਦੁਬਈ 'ਚ ਭਾਰਤ ਦੇ ਦੂਤਘਰ ਨੇ ਭਾਰਤ ਦੇ ਅਜਿਹੇ ਨਾਗਰਿਕਾਂ ਨੂੰ 'ਜ਼ਰੂਰੀ ਸਲਾਹ' ਦਿੱਤੀ ਹੈ, ਜੋ ਉੱਥੇ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ। ਦੂਤਘਰ ਨੇ ਕਿਹਾ ਹੈ ਕਿ ਦੁਬਈ 'ਚ ਨੌਕਰੀ ਦੇ ਇਛੁੱਕ ਭਾਰਤੀ ਲੋਕ ਯਾਤਰਾ ਵੀਜ਼ਾ ਦੇ ਆਧਾਰ 'ਤੇ ਇੱਥੇ ਨਾ ਆਉਣ। ਦੂਤਘਰ ਵੱਲੋਂ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਭਾਰਤ ਦੇ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਕਈ ਤਾਂ ਅਜਿਹੇ ਮਾਮਲੇ ਹਨ, ਜਿੱਥੇ ਲੋਕਾਂ ਦੇ ਪਾਸਪੋਰਟ ਨੌਕਰੀ ਦੇਣ ਵਾਲਿਆਂ ਨੇ ਰੱਖ ਲਏ ਅਤੇ ਉਨ੍ਹਾਂ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਤਨਖਾਹ ਤਕ ਨਹੀਂ ਦਿੱਤੀ ਗਈ। 
ਵੀਜ਼ਾ ਧੋਖਾਧੜੀ ਦੇ ਵਧਦੇ ਮਾਮਲਿਆਂ ਵਿਚਕਾਰ ਯੂ. ਏ. ਈ. 'ਚ ਸਥਿਤ ਭਾਰਤੀ ਵਣਜ ਦੂਤਘਰ ਨੇ ਆਪਣੇ ਦੇਸ਼ ਵਾਸੀਆਂ ਲਈ ਸਲਾਹ ਜਾਰੀ ਕੀਤੀ ਹੈ। ਬਹੁਤ ਸਾਰੇ ਲੋਕਾਂ ਨੂੰ ਏਜੰਟਾਂ ਨੇ ਗਲਤ ਤਰੀਕੇ ਨਾਲ ਯੂ. ਏ. ਈ. ਭੇਜਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਨਾ 'ਤੇ ਉੱਥੇ ਕੰਮ ਮਿਲਿਆ ਅਤੇ ਨਾ ਹੀ ਉਹ ਆਪਣਾ ਖਰਚ ਚੁੱਕੇ ਸਕਦੇ ਸਨ। ਪਿਛਲੇ ਦਿਨਾਂ ਦੂਤਘਰ ਨੂੰ ਅਜਿਹੀਆਂ ਸ਼ਿਕਾਇਤਾਂ ਮਿਲੀÎਆਂ ਸਨ ਕਿ ਕੁਝ ਭਾਰਤੀਆਂ ਨੂੰ 'ਯਾਤਰਾ ਵੀਜ਼ਾ' (ਵਿਜ਼ਿਟ ਵੀਜ਼ਾ) 'ਤੇ ਉੱਥੇ ਭੇਜਿਆ ਗਿਆ ਅਤੇ ਉਨ੍ਹਾਂ ਨਾਲ ਧੋਖਾ ਹੋਇਆ। 
ਜਾਣ ਤੋਂ ਪਹਿਲਾਂ ਵੀਜ਼ੇ ਦੀ ਚੰਗੀ ਤਰ੍ਹਾਂ ਕਰੋ ਪੜਤਾਲ

PunjabKesari
ਅਜਿਹੇ 'ਚ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਜ਼ਿਟ ਵੀਜ਼ਾ 'ਤੇ ਨੌਕਰੀ ਕਰਨ ਦੀ ਇੱਛਾ ਰੱਖ ਕੇ ਦੁਬਈ ਦਾ ਰੁਖ਼ ਨਾ ਕਰਨ। ਯਾਤਰਾ ਵੀਜ਼ਾ 'ਤੇ ਨੌਕਰੀ ਲੱਭਣ ਵਾਲੇ ਲੋਕਾਂ ਦੇ ਪ੍ਰੇਸ਼ਾਨੀ 'ਚ ਪੈਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯੂ. ਏ. ਈ. ਆਉਣ ਤੋਂ ਪਹਿਲਾਂ ਦਾਖਲਾ ਪਰਮਿਟ ਦੇ ਨਾਲ ਆਫਰ ਲੇਟਰ ਵੀ ਚੰਗੀ ਤਰ੍ਹਾਂ ਨਾਲ ਪੜ੍ਹਨ, ਯਾਨੀ ਉੱਥੇ ਜਾਣ ਤੋਂ ਪਹਿਲਾਂ ਆਪਣੇ ਰੁਜ਼ਗਾਰ ਪ੍ਰਸਤਾਵ ਅਤੇ ਪਰਮਿਟ ਵੀਜ਼ਾ ਨੂੰ ਚੰਗੀ ਤਰ੍ਹਾਂ ਜਾਂਚ ਲੈਣਾ ਚਾਹੀਦਾ ਹੈ।
ਕਈ ਲੋਕ ਭਾਰਤ ਵਾਪਸ ਭੇਜੇ ਗਏ

PunjabKesari
ਹਾਲ ਹੀ, 'ਚ ਦੁਬਈ 'ਚ 27 ਲੋਕਾਂ ਦਾ ਇਕ ਗਰੁੱਪ ਉੱਤਰ ਪ੍ਰਦੇਸ਼ ਤੋਂ 'ਵਿਜ਼ਿਟ ਵੀਜ਼ਾ' ਦੇ ਨਾਲ ਉੱਥੇ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕੋਲ ਵਾਪਸ ਜਾਣ ਲਈ ਪੈਸੇ ਤਾਂ ਦੂਰ ਦੀ ਗੱਲ ਹੈ, ਖਾਣ ਲਈ ਵੀ ਪੈਸੇ ਨਹੀਂ ਸਨ। ਦੂਤਘਰ ਨੇ ਇਸ ਮਾਮਲੇ 'ਚ ਕਦਮ ਚੁੱਕਦੇ ਹੋਏ ਉਨ੍ਹਾਂ ਦੇ ਵਾਪਸੀ ਟਿਕਟ ਕਰਾਏ ਅਤੇ ਉਨ੍ਹਾਂ ਨੂੰ ਘਰ ਭੇਜਿਆ। ਉੱਥੇ ਹੀ ਇਕ ਮਾਮਲਾ ਅਜਿਹਾ ਵੀ ਸਾਹਮਣੇ ਆਇਆ ਜਿੱਥੇ ਇਕ ਮਹਿਲਾ ਨੂੰ ਨਰਸ ਦੱਸ ਕੇ ਲਿਆਂਦਾ ਗਿਆ ਅਤੇ ਘਰ ਦੀ ਨੌਕਰਾਣੀ ਦੇ ਤੌਰ 'ਤੇ ਕੰਮ ਕਰਾਇਆ ਗਿਆ। ਕੁਝ ਮਾਮਲਿਆਂ 'ਚ ਦੂਤਘਰ ਨੂੰ ਨੌਕਰੀਦਾਤਾਵਾਂ ਨਾਲ ਗੱਲਬਾਤ ਕਰਨੀ ਪਈ, ਉਦੋਂ ਜਾ ਕੇ ਭਾਰਤੀਆਂ ਦੇ ਪਾਸਪੋਰਟ ਮਿਲੇ। ਦੂਤਘਰ ਦੇ ਸੂਤਰਾਂ ਮੁਤਾਬਕ, ਇਸ ਸਾਲ ਹੁਣ ਤਕ 792 ਲੋਕਾਂ ਵੱਲੋਂ ਨੌਕਰੀ ਨੂੰ ਲੈ ਕੇ ਪੁੱਛਗਿੱਛ ਦੇ ਫੋਨ ਆਏ, ਜਿਨ੍ਹਾਂ 'ਚੋਂ ਸਿਰਫ 66 ਨੌਕਰੀਆਂ ਹੀ ਸਹੀ ਸਨ। ਭਾਰਤੀ ਦੂਤਘਰ ਨੇ ਦੱਸਿਆ ਕਿ 2016 'ਚ 225 ਲੋਕਾਂ ਨੂੰ ਵਾਪਸ ਭੇਜਣ ਲਈ ਹਵਾਈ ਟਿਕਟ ਕਰਾਏ ਗਏ, ਉੱਥੇ ਹੀ, 2017 'ਚ 186 ਲੋਕਾਂ ਨੂੰ ਟਿਕਟ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਭ ਨਾਲ ਨੌਕਰੀ ਦੀ ਗੱਲ ਕਹਿ ਕੇ ਧੋਖਾਧੜੀ ਹੋਈ ਹੈ। ਇਸੇ ਲਈ ਭਾਰਤੀ ਦੂਤਘਰ ਵੱਲੋਂ ਜ਼ਰੂਰੀ ਸਲਾਹ ਦਿੱਤੀ ਗਈ ਹੈ ਕਿ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਯਾਤਰਾ ਵੀਜ਼ਾ 'ਤੇ ਸੰਯੁਕਤ ਅਰਬ ਅਮੀਰਾਤ ਨਾ ਆਉਣ। ਉਨ੍ਹਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਰੁਜ਼ਗਾਰ ਪ੍ਰਸਤਾਵ ਅਤੇ ਪਰਮਿਟ ਵੀਜ਼ਾ ਨੂੰ ਤਸਦੀਕ ਕਰਾਉਣਾ ਚਾਹੀਦਾ ਹੈ।


Related News