ਕੇਨਰਾ ਬੈਂਕ ਦੇ ਹੋ ਖਾਤਾਧਾਰਕ ਤਾਂ ਦੇਖ ਲਓ ਤਿਮਾਹੀ 'ਚ ਇਸ ਦਾ ਘਾਟਾ-ਵਾਧਾ

Tuesday, May 18, 2021 - 05:04 PM (IST)

ਨਵੀਂ ਦਿੱਲੀ- ਸਰਕਾਰੀ ਬੈਂਕਾਂ ਵਿਚ ਖਾਤਾਧਾਰਕਾਂ ਨੂੰ ਇਹੀ ਉਮੀਦ ਹੁੰਦੀ ਹੈ ਕਿ ਇਸ ਦੀ ਕਮਾਨ ਸਰਕਾਰ ਹੱਥ ਹੈ ਅਤੇ ਇਸ ਲਈ ਉਨ੍ਹਾਂ ਦਾ ਪੈਸਾ ਨਹੀਂ ਡੁੱਬੇਗਾ। ਜਨਤਕ ਖੇਤਰ ਦੇ ਕੇਨਰਾ ਬੈਂਕ ਨੇ 31 ਮਾਰਚ 2021 ਨੂੰ ਸਮਾਪਤ ਹੋਈ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ 1,010.87 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ। ਹਾਲਾਂਕਿ, ਇਸ ਦੀ ਪ੍ਰਮੁੱਖ ਵਜ੍ਹਾ ਇਹ ਰਹੀ ਕਿ ਬੈਂਕ ਨੂੰ ਬੈਡ ਲੋਨ ਲਈ ਫੰਡ ਦੀ ਵਿਵਸਥਾ ਘੱਟ ਕਰਨੀ ਪਈ। ਐੱਨ. ਪੀ. ਏ. ਹੀ ਬੈਂਕਾਂ ਦੀ ਹਾਲਤ ਪਤਲੀ ਹੋਣ ਦਾ ਵੱਡਾ ਕਾਰਨ ਹੁੰਦਾ ਹੈ।

ਇਸ ਤੋਂ ਪਿਛਲੇ ਵਿੱਤੀ ਸਾਲ ਯਾਨੀ ਜਨਵਰੀ-ਮਾਰਚ 2020 ਤਿਮਾਹੀ ਵਿਚ ਬੈਂਕ ਨੇ 3,259.33 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਸੀ। ਕੇਨਰਾ ਬੈਂਕ ਨੇ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਜਨਵਰੀ-ਮਾਰਚ ਦੌਰਾਨ ਉਸ ਦੀ ਕੁੱਲ ਆਮਦਨ 21,522.60 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 14,222.39 ਕਰੋੜ ਰੁਪਏ ਸੀ।

ਬੈਂਕ ਨੂੰ ਮਾਰਚ 2021 ਤਿਮਾਹੀ ਦੌਰਾਨ ਐੱਨ. ਪੀ. ਏ. ਕਾਰਨ 4,427.53 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕਰਨੀ ਪਈ। ਹਾਲਾਂਕਿ, 2019-20 ਦੀ ਚੌਥੀ ਤਿਮਾਹੀ ਵਿਚ ਇਹ 4,875.28 ਕਰੋੜ ਰੁਪਏ ਸੀ।

ਉੱਥੇ ਹੀ, 2020-21 ਦੇ ਪੂਰੇ ਵਿੱਤੀ ਸਾਲ ਵਿਚ ਕੇਨਰਾ ਬੈਂਕ ਦਾ ਮੁਨਾਫਾ 2,579.72 ਕਰੋੜ ਰੁਪਏ ਰਿਹਾ, ਜਦੋਂ ਕਿ 2019-20 ਦੌਰਾਨ ਬੈਂਕ ਨੂੰ 2,235.72 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਦੇ ਨਾਲ ਹੀ ਮਾਰਚ 2021 ਨੂੰ ਸਮਾਪਤ ਵਿੱਤੀ ਸਾਲ ਵਿਚ ਬੈਂਕ ਦਾ ਐੱਨ. ਪੀ. ਏ. ਵੱਧ ਕੇ 8.93 ਫ਼ੀਸਦੀ 'ਤੇ ਪਹੁੰਚ ਗਿਆ, ਜੋ ਮਾਰਚ 2020 ਦੇ ਅੰਤ ਵਿਚ 8.21 ਫ਼ੀਸਦੀ 'ਤੇ ਰਿਹਾ ਸੀ। ਮੁੱਲ ਦੇ ਹਿਸਾਬ ਨਾਲ ਕੁੱਲ ਐੱਨ. ਪੀ. ਏ. 31 ਮਾਰਚ, 2020 ਤੱਕ 60,287.84 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 37,041.15 ਕਰੋੜ ਰੁਪਏ ਰਿਹਾ ਸੀ। ਹਾਲਾਂਕਿ, ਸ਼ੁੱਧ ਐੱਨ. ਪੀ. ਏ. 4.22 ਫ਼ੀਸਦੀ ਤੋਂ ਥੋੜ੍ਹਾ ਘੱਟ ਕੇ 3.82 ਫ਼ੀਸਦੀ ਰਿਹਾ। 


Sanjeev

Content Editor

Related News