ਸਰਕਾਰ ਨੇ ਵਾਹਨ ਉਦਯੋਗ ਦੀ ਚਿੰਤਾ ਨੂੰ ਸਮਝਦੇ ਹੋਏ 6 ਏਅਰਬੈਗ ਦੇ ਨਿਯਮ ਨੂੰ ਟਾਲਿਆ : ਭਾਰਗਵ
Friday, Sep 30, 2022 - 10:57 AM (IST)
ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਸਰਕਾਰ ਨੇ ਵਾਹਨ ਉਦਯੋਗ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਯਾਤਰੀ ਕਾਰਾਂ ’ਚ 6 ਏਅਰਬੈਗ ਲਾਜ਼ਮੀ ਕਰਨ ਦੇ ਨਿਯਮ ਨੂੰ ਇਕ ਸਾਲ ਲਈ ਯਾਨੀ 1 ਅਕਤੂਬਰ 2023 ਤੱਕ ਟਾਲ ਦਿੱਤਾ ਹੈ। ਸਰਕਾਰ ਨੇ ਪਹਿਲਾਂ 1 ਅਕਤੂਬਰ 2022 ਤੋਂ 8 ਸੀਟਾਂ ਵਾਲੇ ਵਾਹਨਾਂ ’ਚ 6 ਏਅਰਬੈਗ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਸੀ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਇਸ ਘਟਨਾਕ੍ਰਮ ਬਾਰੇ ਪੁੱਛੇ ਜਾਣ ’ਤੇ ਭਾਰਗਵ ਨੇ ਦੱਸਿਆ ਕਿ ਉਦਯੋਗ ਨਿਯਮਾਂ ਨੂੰ ਮੁਲਤਵੀ ਕਰਨ ਦੀ ਮੰਗ ਕਰ ਰਿਹਾ ਸੀ ਕਿਉਂਕਿ ਪਾਲਣਾ ਕਰਨ ਲਈ ਲੋੜੀਂਦਾ ਸਮਾਂ ਨਹੀਂ ਸੀ। ਉੱਥੇ ਹੀ ਬਾਜ਼ਾਰ ਵੀ ਹੇਠਾਂ ਸੀ। ਸਰਕਾਰ ਨੇ ਸਾਡੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਦਯੋਗ ਨੂੰ ਸਮਰਥਨ ਦਿੱਤਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ 6 ਏਅਰਬੈਗ ਲਾਜ਼ਮੀ ਕਰਨ ਦੀ ਯੋਜਨਾ ਨੂੰ ਇਕ ਸਾਲ ਟਾਲਣ ਦਾ ਐਲਾਨ ਕੀਤਾ।