ਸੈਲਾਨੀਆਂ ਲਈ ਖੁੱਲ੍ਹਾ ਥਾਈਲੈਂਡ, ਸਪੈਸ਼ਲ ਵੀਜ਼ੇ 'ਤੇ ਰਹਿ ਸਕੋਗੇ 90 ਦਿਨ

Monday, Dec 14, 2020 - 06:16 PM (IST)

ਸੈਲਾਨੀਆਂ ਲਈ ਖੁੱਲ੍ਹਾ ਥਾਈਲੈਂਡ, ਸਪੈਸ਼ਲ ਵੀਜ਼ੇ 'ਤੇ ਰਹਿ ਸਕੋਗੇ 90 ਦਿਨ

ਬੈਂਕਾਕ— ਥਾਈਲੈਂਡ ਹੁਣ ਭਾਰਤ ਸਣੇ ਸਾਰੇ ਮੁਲਕਾਂ ਲਈ ਯਾਤਰਾ ਲਈ ਖੁੱਲ੍ਹ ਚੁੱਕਾ ਹੈ। ਹਾਲਾਂਕਿ, ਕੌਮਾਂਤਰੀ ਸੈਲਾਨੀਆਂ ਨੂੰ ਇੱਥੇ ਪਹੁੰਚਣ 'ਤੇ ਕੋਵਿਡ-19 ਪੀ. ਸੀ. ਆਰ. ਜਾਂਚ 'ਚੋਂ ਲੰਘਣਾ ਪਵੇਗਾ ਅਤੇ ਲਾਜ਼ਮੀ ਤੌਰ 'ਤੇ ਇਕਾਂਤਵਾਸ ਵੀ ਹੋਣਾ ਹੋਵੇਗਾ। ਯਾਤਰਾ ਵੀਜ਼ਾ ਲਈ ਵੀ ਅਰਜ਼ੀ ਦੇਣੀ ਪਵੇਗੀ।

ਥਾਈਲੈਂਡ ਸੈਲਾਨੀਆਂ ਲਈ ਘੁੰਮਣ-ਫਿਰਨ ਦੇ ਲਿਹਾਜ ਨਾਲ ਸਭ ਤੋਂ ਵੱਧ ਪਸੰਦੀਦਾ ਮੁਲਕਾਂ 'ਚੋਂ ਇਕ ਹੈ। ਹਾਲਾਂਕਿ, ਕੋਵਿਡ-19 ਮਹਾਮਾਰੀ ਕਾਰਨ ਇਹ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸੈਰ-ਸਪਾਟਾ ਦੇਸ਼ ਦੀ ਆਰਥਿਕਤਾ 'ਚ ਵੱਡਾ ਯੋਗਦਾਨ ਰੱਖਦਾ ਹੈ।

ਰਿਪੋਰਟਾਂ ਹਨ ਕਿ ਨਵੀਂ ਸਕੀਮ ਤਹਿਤ ਕਿਸੇ ਵੀ ਦੇਸ਼ ਦੇ ਕੌਮਾਂਤਰੀ ਯਾਤਰੀ ਥਾਈਲੈਂਡ ਘੁੰਮਣ ਆ ਸਕਦੇ ਹਨ ਅਤੇ 60 ਦਿਨਾਂ ਤੱਕ ਠਹਿਰ ਸਕਦੇ ਹਨ। ਉੱਥੇ ਹੀ ਚੀਨ, ਆਸਟ੍ਰੇਲੀਆ ਅਤੇ ਵੀਅਤਨਾਮ ਵਰਗੇ ਘੱਟ ਜੋਖਮ ਵਾਲੇ ਮੁਲਕਾਂ ਸਣੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਯਾਤਰੀ 'ਵਿਸ਼ੇਸ਼ ਟੂਰਿਸਟ ਵੀਜ਼ਾ' ਤਹਿਤ 90 ਦਿਨਾਂ ਤੱਕ ਰੁਕ ਸਕਦੇ ਹਨ। ਇਹ ਵੀਜ਼ਾ ਦੋ ਵਾਰ ਵਧਾਇਆ ਜਾ ਸਕਦਾ ਹੈ ਅਤੇ ਤੁਸੀਂ ਵੱਧ ਤੋਂ ਵੱਧ ਨੌਂ ਮਹੀਨਿਆਂ ਤੱਕ ਰਹਿ ਸਕਦੇ ਹੋ।

ਕੀ ਹਨ ਸ਼ਰਤਾਂ-
ਸ਼ਰਤਾਂ ਇਹ ਹਨ ਕਿ ਥਾਈਲੈਂਡ ਦੀ ਯਾਤਰਾ ਕਰ ਰਹੇ ਲੋਕਾਂ ਨੂੰ ਆਉਣ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ ਅਤੇ ਥਾਈਲੈਂਡ ਉਤਰਨ ਤੋਂ ਬਾਅਦ ਦੂਜੀ ਵਾਰ ਟੈਸਟ ਹੋਵੇਗਾ। ਜੇਕਰ ਕੋਈ ਯਾਤਰੀ ਪਾਜ਼ੀਟਿਵ ਨਿਕਲਦਾ ਹੈ ਤਾਂ ਉਸ ਨੂੰ ਹਸਪਤਾਲ 'ਚ 14 ਦਿਨਾਂ ਲਈ ਇਕਾਂਤਵਾਸ ਹੋਣਾ ਹੋਵੇਗਾ, ਨੈਗੇਟਿਵ ਹੈ ਤਾਂ ਖ਼ੁਦ ਨੂੰ ਸਟੇਟ ਵੱਲੋਂ ਨਿਸ਼ਚਿਤ ਕੀਤੇ ਗਏ ਹੋਟਲ 'ਚ ਇਕਾਂਤਵਾਸ ਹੋਣਾ ਹੋਵੇਗਾ। ਇਸ ਤੋਂ ਇਲਾਵਾ ਸੈਲਾਨੀ ਨੂੰ ਯਾਤਰਾ ਅਤੇ ਮੈਡੀਕਲ ਬੀਮੇ ਦਾ ਵੀ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ।


author

Sanjeev

Content Editor

Related News