ਦੂਰਸੰਚਾਰ ਵਿਭਾਗ ਨੇ ਸਟੈਂਡਰਡ ਚਾਰਟਰਡ ਬੈਂਕ ਵੱਲੋਂ ਜਾਰੀ ਬੈਂਕ ਗਾਰੰਟੀ ਨੂੰ ਕੀਤਾ ''ਬਲੈਕ ਲਿਸਟ''

08/19/2018 10:35:46 PM

ਨਵੀਂ ਦਿੱਲੀ-ਦੂਰਸੰਚਾਰ ਵਿਭਾਗ ਨੇ ਸਟੈਂਡਰਡ ਚਾਰਟਰਡ ਬੈਂਕ ਵੱਲੋਂ ਜਾਰੀ ਬੈਂਕ ਗਾਰੰਟੀ ਨੂੰ ਕਾਲੀ ਸੂਚੀ (ਬਲੈਕ ਲਿਸਟ) 'ਚ ਪਾ ਦਿੱਤਾ ਹੈ। ਇਹ ਬੈਂਕ ਏਅਰਸੈੱਲ ਸਮੂਹ ਲਈ ਜਾਰੀ ਕੁਝ ਬੈਂਕ ਗਾਰੰਟੀ 'ਤੇ ਵਿਭਾਗ ਨੂੰ ਭੁਗਤਾਨ ਕਰਨ 'ਚ ਨਾਕਾਮ ਰਿਹਾ।  ਵਿਭਾਗ ਨੇ ਸਾਰੇ ਦੂਰਸੰਚਾਰ ਆਪ੍ਰੇਟਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਭੇਜੇ ਮੀਮੋ 'ਚ ਕਿਹਾ ਹੈ ਕਿ ਉਹ ਸਟੈਂਡਰਡ ਚਾਰਟਰਡ ਬੈਂਕ ਵੱਲੋਂ ਜਾਰੀ ਬੈਂਕ ਗਾਰੰਟੀ ਜਾਂ ਬੈਂਕ ਗਾਰੰਟੀ ਦੇ ਨਵੀਨੀਕਰਨ ਨੂੰ ਸਵੀਕਾਰ ਨਾ ਕਰੇ। ਨੋਟ 'ਚ ਕਿਹਾ ਗਿਆ ਹੈ ਕਿ ਸਟੈਂਡਰਡ ਚਾਰਟਰਡ ਬੈਂਕ ਏਅਰਸੈੱਲ ਸਮੂਹ ਦੀਆਂ ਕੰਪਨੀਆਂ ਵੱਲੋਂ ਜਾਰੀ ਬੈਂਕ ਗਾਰੰਟੀ ਨੂੰ ਭੁਨਾਉਣ 'ਚ ਅਸਫਲ ਰਿਹਾ ਸੀ। ਸਟੈਂਡਰਡ ਚਾਰਟਰਡ ਬੈਂਕ ਦਾ ਇਹ ਰੁਖ਼ ਭਾਰਤ ਸਰਕਾਰ ਦੇ ਨਾਲ ਭਰੋਸੇ ਤੇ ਸੰਧੀ ਦੀ ਗੰਭੀਰ ਉਲੰਘਣਾ ਹੈ। ਇਸ ਦੇ ਮੱਦੇਨਜ਼ਰ ਸਾਰਿਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਟੈਂਡਰਡ ਚਾਰਟਰਡ ਬੈਂਕ ਵੱਲੋਂ ਜਾਰੀ ਨਵੀਂ ਬੈਂਕ ਗਾਰੰਟੀ ਨੂੰ ਸਵੀਕਾਰ ਨਾ ਕਰਨ ਤੇ ਨਾ ਹੀ ਬੈਂਕ ਵੱਲੋਂ ਕਿਸੇ ਗਾਰੰਟੀ ਦੇ ਨਵੀਨੀਕਰਨ ਨੂੰ ਸਵੀਕਾਰ ਕੀਤਾ ਜਾਵੇ। ਇਸ ਮਾਮਲੇ 'ਚ ਅਜਿਹੀ ਬੈਂਕ ਗਾਰੰਟੀ ਨਾਲ ਜੁੜੀ ਰਾਸ਼ੀ ਦੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਇਸ ਬਾਰੇ ਏਅਰਸੈੱਲ ਵੱਲੋਂ ਤੁਰੰਤ ਪ੍ਰਤੀਕਿਰਿਆ ਨਹੀਂ ਮਿਲ ਸਕੀ।


Related News