ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ

06/05/2024 6:57:02 PM

ਜਲੰਧਰ (ਨਰੇਸ਼ ਕੁਮਾਰ)–ਮੰਗਲਵਾਰ ਨੂੰ ਆਏ 18ਵੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਭਾਜਪਾ ਦੀ ਉਤਰਾਈ ਦੇ ਸੰਕੇਤ ਦੇ ਦਿੱਤੇ ਹਨ, ਉਥੇ ਹੀ ਇਨ੍ਹਾਂ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਦੇਸ਼ ’ਚ ਗਠਜੋੜ ਦੀਆਂ ਸਰਕਾਰਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਭਾਜਪਾ ਨੂੰ 2014 ਦੀਆਂ ਚੋਣਾਂ ’ਚ ਆਪਣੇ ਦਮ ’ਤੇ 282 ਸੀਟਾਂ ਹਾਸਲ ਹੋਈਆਂ ਸਨ ਜਦਕਿ 2019 ’ਚ ਭਾਜਪਾ ਨੇ ਆਪਣੀ ਸੀਟਾਂ ਦੀ ਗਿਣਤੀ ’ਚ ਸੁਧਾਰ ਕਰਦੇ ਹੋਏ ਇਨ੍ਹਾਂ ਨੂੰ 303 ਤੱਕ ਪਹੁੰਚਾ ਦਿੱਤਾ ਸੀ ਪਰ 2024 ਦੀਆਂ ਚੋਣਾਂ ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਘੱਟ ਹੋਈ ਹੈ ਅਤੇ ਭਾਜਪਾ ਦੀ ਹਾਲਤ ਖ਼ਰਾਬ ਹੋਣ ਦੇ ਇਕ ਨਹੀਂ ਸਗੋਂ ਕਈ ਕਾਰਨ ਮੰਨੇ ਜਾ ਰਹੇ ਹਨ। ਭਾਜਪਾ ਨੂੰ ਯਕੀਨੀ ਤੌਰ ’ਤੇ ਪਾਰਟੀ ਦੇ ਪ੍ਰਦਰਸ਼ਨ ’ਚ ਆਈ ਇਸ ਗਿਰਾਵਟ ਲਈ ਮੰਥਨ ਕਰਨ ਦੀ ਲੋੜ ਪਵੇਗੀ।

ਵੱਡੇ ਸੂਬਿਆਂ ’ਚ ਫੇਲ ਹੋਈ ਮੋਦੀ ਦੀ ਗਾਰੰਟੀ
ਭਾਜਪਾ ਨੇ ਪੂਰੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਕੇਂਦ੍ਰਿਤ ਕਰ ਦਿੱਤੀਆਂ ਸਨ ਅਤੇ ਟਿਕਟ ਵੰਡਣ ਤੋਂ ਲੈ ਕੇ ਚੋਣਾਂ ਦੀਆਂ ਤਿਆਰੀਆਂ ਦੀ ਸਾਰੀ ਰੂਪ ਰੇਖਾ ਬਣਾਉਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਖ਼ਲ ਸੀ। ਚੋਣਾਂ ਪਾਰਟੀ ਦੀਆਂ ਨਾ ਹੋ ਕੇ ‘ਮੋਦੀ ਦੀ ਗਾਰੰਟੀ’ਬਨਾਮ ਹੋਰ ਹੋ ਗਈਆਂ ਜਦਕਿ ਵੱਡੇ ਸੂਬਿਆਂ ’ਚ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਇਕਜੁਟ ਹੋ ਕੇ ਚੋਣ ਲੜਦੀ ਨਜ਼ਰ ਆਈ। ਇਸ ਦਾ ਅਸਰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਵੱਡੇ ਸੂਬਿਆਂ ’ਚ ਵੇਖਣ ਨੂੰ ਮਿਲਿਆ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਮਹਾਰਾਸ਼ਟਰ ’ਚ ਊਧਵ ਠਾਕਰੇ ਦੀ ਅਗਵਾਈ ਵਾਲਾ ਮਹਾਵਿਕਾਸ ਅਘਾੜੀ ਗਠਜੋੜ ਭਾਜਪਾ ਨੂੰ ਸਖ਼ਤ ਟੱਕਰ ਦੇਣ ’ਚ ਸਫ਼ਲ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ

PunjabKesari

ਉਲਟਾ ਪਿਆ 400 ਪਾਰ ਦਾ ਨਾਅਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਮਨੋਵਿਗਿਆਨਕ ਦਬਾਅ ਬਣਾਉਣ ਲਈ ਚੋਣਾਂ ਦੇ ਸ਼ੁਰੂ ’ਚ ਹੀ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਦੇ ਦਿੱਤਾ। ਇਸ ਨਾਅਰੇ ਤੋਂ ਬਾਅਦ ਭਾਜਪਾ ਦਾ ਵੋਟਰ ਬੇਪਰਵਾਹ ਹੋ ਗਿਆ ਅਤੇ ਉਸ ਨੂੰ ਲੱਗਾ ਕਿ ਹੁਣ ਉਸ ਦੇ ਵੋਟ ਪਾਉਣ ਜਾਂ ਨਾ ਪਾਉਣ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਵੇਗਾ ਕਿਉਂਕਿ ਭਾਜਪਾ 400 ਸੀਟਾਂ ਜਿੱਤਣ ਜਾ ਰਹੀ ਹੈ। ਇਸ ਦਾ ਸੰਕੇਤ ਸਾਨੂੰ ਵੋਟ ਪ੍ਰਤੀਸ਼ਤ ’ਚ ਆਈ ਗਿਰਾਵਟ ਦੇ ਰੂਪ ’ਚ ਵੀ ਵੇਖਣ ਨੂੰ ਮਿਲਿਆ ਅਤੇ ਭਾਜਪਾ ਦੇ ਵੋਟਰਾਂ ਨੇ ਵੋਟਾਂ ਪਾਉਣ ’ਚ ਜ਼ਿਆਦਾ ਰੁਚੀ ਨਹੀਂ ਵਿਖਾਈ, ਇਹ ਹਾਲ ਭਾਜਪਾ ਦੇ ਆਪਣੇ ਕਾਰਕੁੰਨਾਂ ਦਾ ਵੀ ਰਿਹਾ ਅਤੇ ਕਾਰਕੁੰਨਾਂ ’ਚ ਅਤਿ-ਉਤਸ਼ਾਹ ਕਾਰਨ ਮਿਹਨਤ ਦੀ ਕਮੀ ਵੇਖਣ ਨੂੰ ਮਿਲੀ।

ਨੱਡਾ ਦੇ ਆਰ. ਐੱਸ. ਐੱਸ. ’ਤੇ ਦਿੱਤੇ ਗਏ ਬਿਆਨ ਨਾਲ ਨੁਕਸਾਨ
ਚੋਣਾਂ ਦੇ ਐਨ ਵਿਚਾਲੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਵੀ ਭਾਜਪਾ ਅਤੇ ਸੰਘ ਵਿਚਾਲੇ ਚੱਲ ਰਹੀ ਖਿੱਚੋਤਾਨ ਨੂੰ ਜਨਤਾ ਵਿਚਾਲੇ ਲਿਆਉਣ ਦਾ ਕੰਮ ਕੀਤਾ। ਇਨ੍ਹਾਂ ਚੋਣਾਂ ’ਚ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਕਾਰਕੁੰਨਾਂ ਨੇ ਪਿਛਲੀਆਂ ਚੋਣਾਂ ਵਾਂਗ ਕੰਮ ਹੀ ਨਹੀਂ ਕੀਤਾ ਅਤੇ ਇਸ ਦਾ ਨਤੀਜਾ ਚੋਣ ਨਤੀਜਿਆਂ ’ਚ ਵੇਖਣ ਨੂੰ ਮਿਲ ਰਿਹਾ ਹੈ।
ਅਸਲ ’ਚ ਇਕ ਇੰਟਰਵਿਊ ’ਚ ਜੇ. ਪੀ. ਨੱਡਾ ਨੇ ਕਿਹਾ ਸੀ ਕਿ ਪਾਰਟੀ ਵੱਡੀ ਹੋ ਗਈ ਹੈ ਅਤੇ ਹਰ ਕਿਸੇ ਦੀ ਆਪਣੀ-ਆਪਣੀ ਜ਼ਿੰਮੇਵਾਰੀ ਅਤੇ ਭੂਮਿਕਾ ਹੈ। ਆਰ. ਐੱਸ. ਐੱਸ. ਇਕ ਸੰਸਕ੍ਰਿਤਕ ਅਤੇ ਸਮਾਜਿਕ ਸੰਗਠਨ ਹੈ ਅਤੇ ਅਸੀਂ ਇਕ ਸਿਆਸੀ ਸੰਗਠਨ ਹਾਂ, ਇਹ ਲੋੜ ਦਾ ਸਵਾਲ ਨਹੀਂ ਹੈ। ਇਹ ਇਕ ਵਿਚਾਰਕ ਮੋਰਚਾ ਹੈ। ਉਹ ਵਿਚਾਰਕ ਤੌਰ ’ਤੇ ਆਪਣਾ ਕੰਮ ਕਰਦੇ ਹਨ, ਅਸੀਂ ਆਪਣਾ। ਅਸੀਂ ਆਪਣੇ ਢੰਗ ਨਾਲ ਆਪਣੇ ਮਾਮਲਿਆਂ ਦਾ ਪ੍ਰਬੰਧਨ ਕਰ ਰਰੇ ਹਾਂ ਅਤੇ ਇਹੀ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੀਦਾ।

ਇਹ ਵੀ ਪੜ੍ਹੋ- ਜਲੰਧਰ ਲੋਕ ਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਹਾਰੀ 'ਆਪ'

PunjabKesari

ਬਾਹਰੀ ਉਮੀਦਵਾਰਾਂ ਨੂੰ ਤਰਜੀਹ ਤੋਂ ਕਾਰਕੁੰਨ ਨਿਰਾਸ਼
ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਚੋਣਾਂ ’ਚ ਆਪਣੇ 100 ਨਾਲੋਂ ਜ਼ਿਆਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ ਅਤੇ ਚੋਣ ਜਿੱਤਣ ਲਈ ਭਾਜਪਾ ਨੇ ਆਪਣੇ ਕਾਰਕੁੰਨਾਂ ਨੂੰ ਟਿਕਟ ਦੇਣ ਦੀ ਬਜਾਏ ਕਾਂਗਰਸ ਅਤੇ ਹੋਰ ਪਾਰਟੀਆਂ ਤੋਂ ਆਏ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ। ਭਾਜਪਾ ਦੀ ਇਹ ਰਣਨੀਤੀ ਉਲਟੀ ਪਈ ਕਿਉਂਕਿ ਪਾਰਟੀ ਦੀ ਇਸ ਨੀਤੀ ਨਾਲ ਕਾਰਕੁੰਨ ਨਿਰਾਸ਼ ਹੋਏ, ਕਾਰਕੁੰਨਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਨੇਤਾਵਾਂ ਵਿਰੁੱਧ ਉਹ ਪਹਿਲਾਂ ਸਿਆਸਤ ਕਰਦੇ ਰਹੇ, ਹੁਣ ਪਾਰਟੀ ਉਨ੍ਹਾਂ ਨੇਤਾਵਾਂ ਨੂੰ ਟਿਕਟਾਂ ਦੇ ਰਹੀ ਹੈ ਅਤੇ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਲਿਹਾਜ਼ਾ ਭਾਜਪਾ ਦੇ ਵਰਕਰ ਬਾਹਰੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਤੋਂ ਬਚਦੇ ਰਹੇ ਅਤੇ ਪਾਰਟੀ ਦੇ ਬਾਹਰ ਤੋਂ ਆਏ ਕਈ ਉਮੀਦਵਾਰ ਚੋਣ ਹਾਰ ਗਏ।

ਮਹਿੰਗਾਈ ਅਤੇ ਬੇਰੋਜ਼ਗਾਰੀ ਬਣੇ ਮੁੱਦੇ
ਪੂਰੇ ਦੇਸ਼ ’ਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਵੀ ਮੁੱਦਾ ਬਣੀਆਂ, ਵਿਰੋਧੀ ਧਿਰ ਨੇ ਖਾਸ ਤੌਰ ’ਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਮੁੱਦਾ ਬਣਾਇਆ ਅਤੇ ਇਹ ਮੁੱਦਾ ਜਨਤਾ ’ਚ ਹਿੱਟ ਕਰ ਗਿਆ। ਇਸ ਤੋਂ ਇਲਾਵਾ ਬੇਰੋਜ਼ਗਾਰੀ ਦੇ ਮੋਰਚੇ ’ਤੇ ਸਰਕਾਰ ਨੇ ਜ਼ਿਆਦਾ ਕੰਮ ਨਹੀਂ ਕੀਤਾ। ਹਾਲਾਂਕਿ ਆਪਣੇ ਕਾਰਜਕਾਲ ਦੇ ਆਖਰੀ ਸਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੇ ਵਿਭਾਗਾਂ ’ਚ 10 ਲੱਖ ਨੌਕਰੀਆਂ ਦੇਣ ਦੀ ਮੁਹਿੰਮ ਚਲਾਈ ਪਰ ਇਹ ਨੌਜਵਾਨ ਵਰਗ ਦੀ ਨਾਰਾਜ਼ਗੀ ਦੂਰ ਕਰਨ ਲਈ ਕਾਫੀ ਨਹੀਂ ਸੀ। ਜਨਤਾ ਮਹਿੰਗਾਈ ਤੋਂ ਤੰਗ ਸੀ ਪਰ ਇਸ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਨਾ ਚੁੱਕਣਾ ਵੀ ਭਾਜਪਾ ਨੂੰ ਚੋਣਾਂ ’ਚ ਭਾਰੀ ਪਿਆ।

ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਨੇ ਕਬੂਲੀ ਹਾਰ, ਲਾਈਵ ਹੋ ਕੇ ਜਨਤਾ ਦਾ ਕੀਤਾ ਧੰਨਵਾਦ ਤੇ ਚੰਨੀ ਨੂੰ ਦਿੱਤੀ ਵਧਾਈ

ਮੱਧ ਵਰਗ ’ਚ ਨਿਰਾਸ਼ਾ ਰਹੀ, ਉਸ ਨੇ ਵੋਟ ਨਹੀਂ ਪਾਈ
ਪਿਛਲੇ 10 ਸਾਲਾਂ ’ਚ ਦੇਸ਼ ਦਾ ਮੱਧ ਵਰਗ ਕੇਂਦਰ ਸਰਕਾਰ ਤੋਂ ਕਾਫ਼ੀ ਨਿਰਾਸ਼ ਨਜ਼ਰ ਆਇਆ। ਇਸ ਵਰਗ ਨੂੰ ਪਿਛਲੇ 10 ਸਾਲਾਂ ’ਚ ਆਮਦਨ ਕਰ ਛੋਟ ਦੇ ਨਾਂ ’ਤੇ ਕੋਈ ਨਾ ਕੋਈ ਵੱਡੀ ਰਾਹਤ ਮਿਲੀ ਅਤੇ ਨਾ ਹੀ ਉਸ ਨੂੰ ਸਰਕਾਰ ਵਲੋਂ ਕੋਈ ਵੱਡਾ ਆਰਥਿਕ ਲਾਭ ਮਿਲਿਆ। ਹਾਲਾਂਕਿ ਜੀ. ਐੱਸ. ਟੀ. ਦੀਆਂ ਵਧੀਆਂ ਦਰਾਂ ਉਸ ਨੂੰ ਲਗਾਤਾਰ ਚੁੱਭਦੀਆਂ ਰਹੀਆਂ ਅਤੇ ਛੋਟੇ ਵਪਾਰੀ ਜੀ. ਐੱਸ. ਟੀ. ਦੀ ਪਾਲਨਾ ਲਈ ਬਣਾਏ ਗਏ ਨਿਯਮਾਂ ਨਾਲ ਹੀ ਜੂਝਦੇ ਰਹੇ। ਇਸ ਦਾ ਨਤੀਜਾ ਇਹ ਹੋਇਆ ਕਿ ਭਾਜਪਾ ਦਾ ਇਹ ਕੋਰ ਵੋਟਰ ਵੋਟਾਂ ਵਾਲੇ ਦਿਨ ਬਾਹਰ ਹੀ ਬਹੁਤ ਘੱਟ ਨਿਕਲਿਆ। ਮੱਧ ਵਰਗ ਦੀ ਨਿਰਾਸਤਾ ਦੇ ਕਾਰਨ ਹੀ ਦੇਸ਼ ਦੇ ਵੱਡੇ ਸ਼ਹਿਰਾਂ ’ਚ ਵੋਟਾਂ ਦੇ ਅੰਕੜਿਆਂ ’ਚ ਵੀ ਕਮੀ ਦੇਖਣ ਨੂੰ ਮਿਲੀ ਹੈ।

ਯੂ. ਪੀ., ਹਰਿਆਣਾ, ਰਾਜਸਥਾਨ ’ਚ ਰਾਜਪੂਤਾਂ ਦਾ ਗੁੱਸਾ ਪਿਆ ਭਾਰੀ
ਪੁਰਸ਼ੋਤਮ ਰੁਪਾਲਾ ਪਾਟੀਦਾਰ ਭਾਈਚਾਰੇ ਤੋਂ ਆਉਂਦੇ ਹਨ ਅਤੇ ਸੋਸ਼ਲ ਮੀਡੀਆ ’ਤੇ 23 ਮਾਰਚ ਨੂੰ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ’ਚ ਰੁਪਾਲਾ ਨੂੰ ਰਾਜਕੋਟ ’ਚ ਇਕ ਦਲਿਤ ਪ੍ਰੋਗਰਾਮ ’ਚ ਬੋਲਦੇ ਹੋਏ ਦਿਖਾਇਆ ਗਿਆ। ਵੀਡੀਓ ’ਚ ਉਨ੍ਹਾਂ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਹੋਏ ਸੁਣਿਆ ਗਿਆ,‘ਅੰਗਰੇਜ਼ਾਂ ਨੇ ਸਾਡੇ ’ਤੇ ਰਾਜ ਕੀਤਾ...ਉਨ੍ਹਾਂ ਨੇ ਸਾਨੂੰ ਸਤਾਉਣ ’ਚ ਕੋਈ ਕਸਰ ਨਾ ਛੱਡੀ..। ਰਾਜਾ ਵੀ ਝੁਕ ਗਏ...ਉਨ੍ਹਾਂ ਨੇ (ਰਾਜਿਆਂ ਨੇ) ਉਨ੍ਹਾਂ (ਅੰਗਰੇਜ਼ਾ) ਨਾਲ ਰੋਟੀਆਂ ਤੋੜੀਆਂ ਅਤੇ ਆਪਣੀਆਂ ਧੀਆਂ ਦੇ ਵਿਆਹ ਕੀਤੇ ਪਰ ਸਾਡੇ ਰੁਖੀ (ਦਲਿਤ) ਭਾਈਚਾਰੇ ਨੇ ਨਾ ਤਾਂ ਆਪਣਾ ਧਰਮ ਬਦਲਿਆ ਅਤੇ ਨਾ ਹੀ ਅੰਗ੍ਰੇਜ਼ਾਂ ਨਾਲ ਦੋਸਤਾਨਾ ਸਬੰਧ ਬਣਾਏ ਜਦਕਿ ਉਨ੍ਹਾਂ ’ਤੇ ਸਭ ਤੋਂ ਵੱਧ ਅੱਤਿਆਚਾਰ ਹੋਇਆ', ਰੁਪਾਲਾ ਦੀ ਇਹ ਟਿੱਪਣੀ ਭਾਜਪਾ ’ਤੇ ਭਾਰੀ ਪਈ। ਖੱਤਰੀ ਸਮਾਜ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਗੁਜਰਾਤ ਭਾਜਪਾ ਪ੍ਰਧਾਨ ਸੀ. ਆਰ. ਪਾਟਿਲ ਨੇ ਆਪਣੇ ਗਾਂਧੀ ਨਗਰ ਘਰ ’ਚ ਸੀ. ਐੱਮ. ਭੁਪੇਂਦਰ ਪਟੇਲ ਦੀ ਮੌਜੂਦਗੀ ’ਚ ਭਾਈਚਾਰੇ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ। ਰਾਜਸਥਾਨ ’ਚ ਵੋਟਰਾਂ ਦੇ ਵਿਰੋਧ ਨੂੰ ਘੱਟ ਕਰਨ ਲਈ ਭਾਜਪਾ ਨੇ ਦੀਆ ਕੁਮਾਰੀ, ਰਾਜਵਰਧਨ ਸਿੰਘ ਰਾਠੌੜ, ਚੰਦਰਭਾਨ ਸਿੰਘ ਆਕਿਆ, ਰਣਧੀਰ ਸਿੰਘ ਭਿੰਡਰ ਅਤੇ ਰਾਜੇਂਦਰ ਰਾਠੌੜ ਵਰਗੇ ਨੇਤਾਵਾਂ ਨੂੰ ਮੈਦਾਨ ’ਚ ਉਤਾਰਿਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਾਰਿਆਂ ਨੂੰ ਸਮਝਾਉਣ ਲਈ ਚਿਤੌੜਗੜ੍ਹ ਅਤੇ ਦੌਸਾ ਗਏ ਸਨ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਨਤੀਜਿਆਂ ਤੋਂ ਸਾਫ਼ ਹੈ ਕਿ ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਰਾਜਪੂਤ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕਿਆਂ ’ਚ ਵੋਟਾਂ ਘੱਟ ਪਈਆਂ ਹਨ ਅਤੇ ਭਾਜਪਾ ਦੇ ਕੋਰ ਵੋਟਰ ਰਾਜਪੂਤਾਂ ਨੇ ਭਾਜਪਾ ਨੂੰ ਵੋਟਾਂ ਨਹੀਂ ਦਿੱਤੀਆਂ। ਇਸ ਨਾਲ ਇਨ੍ਹਾਂ 3 ਸੂਬਿਆਂ ’ਚ ਭਾਜਪਾ ਨੂੰ ਨੁਕਸਾਨ ਹੋਇਆ।

ਇਹ ਵੀ ਪੜ੍ਹੋ-  ਜਲੰਧਰ 'ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90, 053 ਵੋਟਾਂ ਕੀਤੀਆਂ ਹਾਸਲ

ਭਾਜਪਾ ਨੇ ਸਹਿਯੋਗੀ ਨਾਰਾਜ਼ ਕਰ ਲਏ
ਪੱਛਮੀ ਬੰਗਾਲ ’ਚ ਮਮਤਾ ਬੈਨਰਜੀ, ਜੰਮੂ-ਕਸ਼ਮੀਰ ’ਚ ਮਹਿਬੂਬਾ ਮੁਫ਼ਤੀ, ਤਾਮਿਲਨਾਡੂ ’ਚ ਏ. ਆਈ. ਏ. ਡੀ. ਐੱਮ. ਕੇ., ਪੰਜਾਬ ’ਚ ਅਕਾਲੀ ਦਲ ਅਤੇ ਹਰਿਆਣਾ ’ਚ ਇਨੈਲੋ ਭਾਜਪਾ ਦੇ ਪੁਰਾਣੇ ਸਹਿਯੋਗੀ ਰਹੇ ਹਨ ਪਰ ਭਾਜਪਾ ਨੇ ਇਨ੍ਹਾਂ ਸੂਬਿਆਂ ’ਚ ਆਪਣਾ ਪ੍ਰਭਾਵ ਵਧਾਉਣ ਲਈ ਆਪਣੇ ਸਹਿਯੋਗੀ ਹੀ ਨਾਰਾਜ਼ ਕਰ ਦਿੱਤੇ ਅਤੇ ਹੁਣ ਭਾਜਪਾ ਕੋਲ ਆਪਣੇ ਵੱਡੇ ਸਹਿਯੋਗੀ ਨਹੀਂ ਹਨ। ਭਾਜਪਾ ਨੇ ਮਹਾਰਾਸ਼ਟਰ ’ਚ ਆਪਣੇ ਵੱਡੇ ਸਹਿਯੋਗੀ ਸ਼ਿਵ ਸੈਨਾ ਨੂੰ ਨਾ ਸਿਰਫ਼ ਛੱਡਿਆ ਸਗੋਂ ਉਸ ਦੀ ਪਾਰਟੀ ਦਾ ਬਟਵਾਰਾ ਵੀ ਕਰਵਾ ਦਿੱਤਾ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਇਹ ਰਣਨੀਤੀ ਗਲਤ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਭਾਜਪਾ ਦੀ ਆਪਣੇ ਦਮ ’ਤੇ ਇਕੱਲੇ ਲੜ ਕੇ ਦੇਸ਼ ’ਚ ਸਿਆਸਤ ਕਰਨ ਦੀ ਇੱਛਾ ਨੇ ਵੀ ਇਨ੍ਹਾਂ ਚੋਣਾਂ ’ਚ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ-  ਜਿੱਤ ਤੋਂ ਬਾਅਦ ਬਿਨਾਂ ਪੌੜੀ ਦੇ ਕੋਠੇ 'ਤੇ ਚੜ੍ਹ ਗਏ ਚਰਨਜੀਤ ਸਿੰਘ ਚੰਨੀ, ਇਸ ਅੰਦਾਜ਼ 'ਚ ਸਮਰਥਕਾਂ ਦਾ ਕੀਤਾ ਧੰਨਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News