ਰੂਸ ਨਾਲ ਭੁਗਤਾਨ ਮਾਮਲਿਆਂ ਨੂੰ ਲੈ ਕੇ ਚਾਹ ਬਰਾਮਦਕਾਰ ਚਿੰਤਤ

Tuesday, Mar 08, 2022 - 11:36 AM (IST)

ਕੋਲਕਾਤਾ–ਚਾਹ ਬਰਾਮਦਕਾਰਾਂ ਨੇ ਕਿਹਾ ਕਿ ਰੂਸ-ਯੂਕ੍ਰੇਨ ਸੰਕਟ ਦੇ ਮੱਦੇਨਜ਼ਰ ਸੀ. ਆਈ. ਐੱਸ. (ਸੁਤੰਤਰ ਰਾਜਾਂ ਦੇ ਰਾਸ਼ਟਰ ਮੰਡਲ) ਦੇਸ਼ਾਂ ਦੇ ਕਈ ਬੈਂਕਾਂ ਦੀ ਪਹੁੰਚ ਕੌਮਾਂਤਰੀ ਵਿੱਤੀ ਪ੍ਰਣਾਲੀ ਸਵਿਫਟ ਤੱਕ ਰੋਕ ਦਿੱਤੀ ਗਈ ਹੈ ਅਤੇ ਅਜਿਹੇ ’ਚ ਉਦਯੋਗ ਨੇ ਬਰਾਮਦ ਲਈ ਭੁਗਤਾਨ ਪਾਉਣ ਸਬੰਧੀ ਮਾਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ। ਭਾਰਤੀ ਚਾਹ ਬਰਾਮਦ ਸੰਘ (ਆਈ. ਟੀ. ਈ. ਏ.) ਦੇ ਪ੍ਰਧਾਨ ਅੰਸ਼ੁਮਾਨ ਕਨੋਰੀਆ ਨੇ ਕਿਹਾ ਕਿ ਸੰਘਰਸ਼ ਦੇ ਮੱਦੇਨਜ਼ਰ ਸਭ ਕੁੱਝ ਅਨਿਸ਼ਚਿਤ ਹੈ।


ਉਨ੍ਹਾਂ ਨੇ ਕਿਹਾ ਕਿ ਕਈ ਰੂਸੀ ਬੈਂਕਾਂ ਲਈ ਸਵਿਫਟ ਤੱਕ ਪਹੁੰਚ ਨੂੰ ਰੋਕਣਾ ਚਿੰਤਾਜਨਕ ਹੈ। ਰੂਸ ਭਾਰਤੀ ਚਾਹ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਉਸ ਤੋਂ ਬਾਅਦ ਈਰਾਨ ਦਾ ਸਥਾਨ ਹੈ, ਜਿਸ ’ਤੇ ਅਮਰੀਕਾ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਭੁਗਤਾਨ ਦੀ ਸਮੱਸਿਆ ਹੈ। ਅਮਰੀਕਾ ਦੇ ਯੂਰਪੀ ਸੰਘ ਅਤੇ ਬ੍ਰਿਟੇਨ ਸਮੇਤ ਆਪਣੇ ਪ੍ਰਮੁੱਖ ਸਹਿਯੋਗੀਆਂ ਨਾਲ ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨਾਂਸ਼ੀਅਲ ਟੈਲੀਕਮਿਊਨੀਕੇਸ਼ਨ (ਸਵਿਫਟ) ਤੋਂ ਪ੍ਰਮੁੱਖ ਰੂਸੀ ਬੈਂਕਾਂ ਨੂੰ ਵੱਖ ਕਰਨ ਦਾ ਫੈਸਲਾ ਕੀਤਾ ਸੀ। ਅਜਿਹਾ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਜਵਾਬ ’ਚ ਕੀਤਾ ਗਿਆ। ਚਾਹ ਬੋਰਡ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਰੂਸ ਨੇ 340.9 ਲੱਖ ਕਿਲੋਗ੍ਰਾਮ ਭਾਰਤੀ ਚਾਹ ਦੀ ਦਰਾਮਦ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਰੂਸ ਨਾਲ ਭੁਗਤਾਨ ਸਬੰਧੀ ਮੁੱਦਿਆਂ ਤੋਂ ਇਲਾਵਾ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਵੀ ਇਕ ਸਮੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਈ. ਟੀ. ਈ. ਏ. ਸਰਕਾਰ ਦੇ ਸੰਪਰਕ ’ਚ ਵੀ ਹਨ। ਕਨੋਰੀਆ ਨੇ ਕਿਹਾ ਕਿ ਭਾਰਤੀ ਰੁਪਇਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੂਸੀ ਰੂਬਲ ਕਮਜ਼ੋਰ ਹੋਇਆ ਹੈ, ਜਿਸ ਨਾਲ ਸਮੱਸਿਆ ਹੋਰ ਵਧ ਗਈ ਹੈ।


Aarti dhillon

Content Editor

Related News