ਟਾਟਾ ਸਟੀਲ : UK 'ਚ 1,000 ਕਰਮਚਾਰੀਆਂ ਦੀ ਜਾਏਗੀ ਨੌਕਰੀ
Thursday, Nov 28, 2019 - 03:26 PM (IST)

ਲੰਡਨ, (ਭਾਸ਼ਾ)— ਭਾਰਤ ਦੀ ਦਿੱਗਜ ਕੰਪਨੀ ਟਾਟਾ ਸਟੀਲ ਯੂਰਪ 'ਚ ਪੁਨਰਗਠਨ ਯੋਜਨਾ 'ਤੇ ਕੰਮ ਕਰ ਰਹੀ ਹੈ ਤੇ ਕੰਪਨੀ ਨੇ ਇਸ ਲਈ ਯੂਰਪੀ ਵਰਕਸ ਕੌਂਸਲ (ਈ. ਡਬਲਿਊ. ਸੀ) ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਇਸ ਯੋਜਨਾ ਨਾਲ ਤਕਰੀਬਨ ਤਿੰਨ ਹਜ਼ਾਰ ਵਰਕਰਾਂ ਦੀ ਨੌਕਰੀ ਨੂੰ ਨੁਕਸਾਨ ਹੋਵੇਗਾ। ਕੰਪਨੀ ਨੇ ਇਸ ਦੀ ਵਜ੍ਹਾ ਵਿਸ਼ਵ ਮੋਰਚੇ 'ਤੇ ਇਸਪਾਤ ਉਦਯੋਗ ਸਾਹਮਣੇ ਲਗਾਤਾਰ ਜਾਰੀ ਚੁਣੌਤੀਆਂ ਦੇ ਮੱਦੇਨਜ਼ਰ ਉਸ ਨੂੰ ਹੋ ਰਹੇ ਨੁਕਸਾਨ ਨੂੰ ਦੱਸਿਆ ਹੈ।
ਇਸ ਕਾਰਨ ਤਕਰੀਬਨ 1,600 ਨੌਕਰੀਆਂ ਨੀਦਰਲੈਂਡ, 1,000 ਬ੍ਰਿਟੇਨ ਤੇ 350 ਨੌਕਰੀਆਂ ਦੁਨੀਆ 'ਚ ਹੋਰ ਥਾਵਾਂ 'ਤੇ ਜਾ ਸਕਦੀਆਂ ਹਨ। ਟਾਟਾ ਸਟੀਲ ਦਾ ਕਹਿਣਾ ਹੈ ਕਿ ਉਸ ਦਾ ਇਰਾਦਾ ਵਿੱਤੀ ਤੌਰ 'ਤੇ ਮਜਬੂਤ ਤੇ ਕਿਫਾਇਤੀ ਯੂਰਪੀ ਕਾਰੋਬਾਰ ਬਣਾਉਣਾ ਹੈ। ਕੰਪਨੀ ਨੇ ਕਿਹਾ ਕਿ ਉਸ ਦੀ ਇਸ ਤਰ੍ਹਾਂ ਦਾ ਕਾਰੋਬਾਰ ਬਣਾਉਣ ਦੀ ਯੋਜਨਾ ਹੈ ਜਿਸ ਨਾਲ ਕਾਰਬਨ ਰਹਿਤ ਸਟੀਲ ਨਿਰਮਾਤਾ ਬਣਨ ਦੀ ਦਿਸ਼ਾ 'ਚ ਜ਼ਰੂਰੀ ਨਿਵੇਸ਼ ਹੋ ਸਕੇ।
ਟਾਟਾ ਸਟੀਲ ਯੂਰਪ ਦੇ ਸੀ. ਈ. ਓ. ਨੇ ਕਿਹਾ, ''ਬਦਲਾਅ ਨਾਲ ਅਨਿਸ਼ਚਿਤਤਾ ਪੈਦਾ ਹੁੰਦੀ ਹੈ ਪਰ ਅਸੀਂ ਰੁਕੇ ਨਹੀਂ ਰਹਿ ਸਕਦੇ। ਸਾਡੇ ਆਲੇ-ਦੁਆਲੇ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਤੇ ਸਾਨੂੰ ਇਸ ਨਾਲ ਚੱਲਣਾ ਹੋਵੇਗਾ। ਸਾਡੀ ਰਣਨੀਤੀ ਇਕ ਮਜਬੂਤ ਤੇ ਟਿਕਾਊ ਬਣੇ ਰਹਿਣ ਵਾਲੇ ਯੂਰਪੀ ਕਾਰੋਬਾਰ ਨੂੰ ਖੜ੍ਹਾ ਕਰਨ ਦੀ ਹੈ ਜੋ ਭਵਿੱਖ ਦੀ ਸਫਲਤਾ ਲਈ ਜ਼ਰੂਰੀ ਨਿਵੇਸ਼ ਕਰਨ 'ਚ ਸਮਰੱਥ ਹੋਵੇ।''