ਗੰਨਾ ਪਿੜਾਈ ਦੇ 4 ਮਹੀਨਿਆਂ 'ਚ ਖੰਡ ਉਤਪਾਦਨ 170 ਲੱਖ ਟਨ ਤੋਂ ਪਾਰ
Tuesday, Feb 02, 2021 - 02:35 PM (IST)
ਨਵੀਂ ਦਿੱਲੀ- ਮੌਜੂਦਾ ਗੰਨਾ ਪਿੜਾਈ ਸੀਜ਼ਨ 2020-21 (ਅਕਤੂਬਰ-ਸਤੰਬਰ) ਦੇ ਪਹਿਲੇ ਚਾਰ ਮਹੀਨਿਆਂ ਵਿਚ ਦੇਸ਼ ਦਾ ਖੰਡ ਦਾ ਉਤਪਾਦਨ ਪਿਛਲੇ ਸੀਜ਼ਨ ਨਾਲੋਂ 25 ਫ਼ੀਸਦੀ ਵੱਧ ਕੇ 176.83 ਲੱਖ ਟਨ ਹੋ ਗਿਆ ਹੈ, ਜਦੋਂ ਕਿ ਸਾਲ 2019-20 ਦੇ ਸੀਜ਼ਨ ਵਿਚ ਇਸ ਸਮੇਂ ਦੌਰਾਨ ਉਤਪਾਦਨ 141.04 ਲੱਖ ਟਨ ਸੀ।
ਭਾਰਤੀ ਖੰਡ ਮਿੱਲ ਸੰਗਠਨ (ਇਸਮਾ) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 491 ਖੰਡ ਮਿੱਲਾਂ ਨੇ ਅਕਤੂਬਰ 2020 ਤੋਂ 31 ਜਨਵਰੀ, 2021 ਤੱਕ 176.83 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ, ਜਦੋਂ ਕਿ ਪਿਛਲੇ ਸਾਲ 447 ਮਿੱਲਾਂ ਵੱਲੋਂ 31 ਜਨਵਰੀ 2020 ਤੱਕ 141.04 ਲੱਖ ਟਨ ਕੱਢੀ ਗਈ ਸੀ।
ਇਸਮਾ ਮੁਤਾਬਕ, ਮਹਾਰਾਸ਼ਟਰ ਨੇ ਹੁਣ ਤੱਕ 63.80 ਲੱਖ ਟਨ, ਉੱਤਰ ਪ੍ਰਦੇਸ਼ ਨੇ 54.43 ਲੱਖ ਟਨ, ਕਰਨਾਟਕ ਨੇ 34.38 ਲੱਖ ਟਨ, ਗੁਜਰਾਤ ਨੇ 5.55 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ। ਉੱਥੇ ਹੀ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੇ 31 ਜਨਵਰੀ ਤੱਕ 3.56 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ। ਬਿਹਾਰ, ਉਤਰਾਖੰਡ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ ਅਤੇ ਓਡੀਸ਼ਾ ਨੇ 31 ਜਨਵਰੀ, 2021 ਤੱਕ ਸਮੂਹਿਕ ਰੂਪ ਵਿਚ 15.11 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ।