15 ਦਸੰਬਰ ਤੱਕ ਖੰਡ ਉਤਪਾਦਨ 61 ਫ਼ੀਸਦੀ ਵੱਧ ਕੇ 70 ਲੱਖ ਟਨ ਤੋਂ ਪਾਰ

12/17/2020 9:56:59 PM

ਨਵੀਂ ਦਿੱਲੀ-  ਭਾਰਤ ਦਾ ਖੰਡ ਉਤਪਾਦਨ ਚਾਲੂ ਮਾਰਕੀਟਿੰਗ ਸਾਲ ਵਿਚ 15 ਦਸੰਬਰ ਤੱਕ 61 ਫ਼ੀਸਦੀ ਵੱਧ ਕੇ 73.77 ਲੱਖ ਟਨ ਰਿਹਾ। ਮੌਜੂਦਾ ਮਾਰਕੀਟਿੰਗ ਸਾਲ ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਮਹਾਰਾਸ਼ਟਰ ਵਿਚ ਗੰਨੇ ਦੇ ਵੱਧ ਉਤਪਾਦਨ ਅਤੇ ਸ਼ੂਗਰ ਮਿੱਲਾਂ ਵੱਲੋਂ ਛੇਤੀ ਪਿੜਾਈ ਕਾਰਨ ਇਸ ਸਾਲ ਖੰਡ ਦੇ ਉਤਪਾਦਨ ਦਾ ਪੱਧਰ ਉੱਚਾ ਹੈ। 

ਪ੍ਰਾਈਵੇਟ ਮਿੱਲਾਂ ਦੇ ਮੰਚ ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਇਸਮਾ) ਨੇ ਇਕ ਬਿਆਨ ਵਿਚ ਕਿਹਾ ਹੈ ਕਿ ਖੰਡ ਮਿੱਲਾਂ ਨੇ ਮਾਰਕੀਟਿੰਗ ਸਾਲ 2020-21 (ਅਕਤੂਬਰ-ਸਤੰਬਰ) ਵਿਚ 15 ਦਸੰਬਰ ਤੱਕ 73.77 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 45.81 ਲੱਖ ਟਨ ਹੋਇਆ ਸੀ।

ਇਸਮਾ ਨੇ ਵਪਾਰ ਅਤੇ ਬਾਜ਼ਾਰ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਕਤੂਬਰ ਤੋਂ ਹੁਣ ਤੱਕ ਲਗਭਗ 2.5-3 ਲੱਖ ਖੰਡ ਬਰਾਮਦ ਹੋ ਚੁੱਕੀ ਹੈ। ਇਹ ਬਰਾਮਦ ਸਾਲ 2019-20 ਦੇ ਕੋਟੇ ਤਹਿਤ ਮੰਨਿਆ ਜਾਵੇਗਾ ਕਿਉਂਕਿ ਪਿਛਲੇ ਸਾਲ ਦੀ ਬਰਾਮਦ ਨੀਤੀ ਦਾ ਵਿਸਥਾਰ ਦਸੰਬਰ 2020 ਤੱਕ ਕੀਤਾ ਗਿਆ ਹੈ।

ਇਸਮਾ ਨੇ ਕਿਹਾ ਕਿ ਇਸ ਦੇ ਨਾਲ ਹੀ ਸ਼ੂਗਰ ਮਿੱਲਾਂ ਨੇ ਸਾਲ 2019-20 ਲਈ 60 ਲੱਖ ਟਨ ਚੀਨੀ ਦੀ ਬਰਾਮਦ ਦਾ ਟੀਚਾ ਪੂਰੀ ਤਰ੍ਹਾਂ ਹਾਸਲ ਕਰ ਲਿਆ ਹੈ। ਇਸਮਾ ਨੇ ਕਿਹਾ ਕਿ 2021-20 ਦੇ ਸੀਜ਼ਨ ਲਈ ਖੰਡ ਬਰਾਮਦ ਸਬਸਿਡੀ ਦੀ ਸਰਕਾਰ ਵੱਲੋਂ ਕੀਤੀ ਗਈ ਘੋਸ਼ਣਾ ਅਨੁਸਾਰ ਇਸ ਸਾਲ ਵੀ ਖੰਡ ਮਿੱਲਾਂ ਨੂੰ ਪਿਛਲੇ ਸੀਜ਼ਨ ਦੀ ਤਰ੍ਹਾਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਦਰਾਮਦਕਾਰ ਦੇਸ਼ਾਂ ਦੀ ਮੰਗ ਪੂਰਾ ਕਰਨ ਲਈ 60 ਲੱਖ ਟਨ ਖੰਡ ਬਰਾਮਦ ਕਰਨ ਦਾ ਪੂਰਾ ਭਰੋਸਾ ਹੈ। ਗੌਰਤਲਬ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਗੰਨਾ ਕਿਸਾਨਾਂ ਨੂੰ ਬਕਾਏ ਦੀ ਅਦਾਇਗੀ ਵਿਚ ਮਦਦ ਕਰਨ ਲਈ ਚਾਲੂ ਮਾਰਕੀਟਿੰਗ ਸਾਲ 2020-21 ਵਿਚ ਖੰਡ ਮਿੱਲਾਂ ਨੂੰ 60 ਲੱਖ ਟਨ ਖੰਡ ਬਰਾਮਦ ਕਰਨ ਲਈ 3,500 ਕਰੋੜ ਰੁਪਏ ਦੀ ਸਬਸਿਡੀ ਨੂੰ ਪ੍ਰਵਾਨਗੀ ਦਿੱਤੀ ਹੈ।


Sanjeev

Content Editor

Related News