ਸਰਕਾਰ ਨੇ ਅੰਤਰਰਾਸ਼ਟਰੀ ਰੋਮਿੰਗ ਸਿਮ ਕਾਰਡ ਦੇ ਲਈ ਨਿਯਮਾਂ 'ਚ ਕੀਤਾ ਬਦਲਾਅ
Wednesday, Jan 19, 2022 - 11:44 AM (IST)
ਨਵੀਂ ਦਿੱਲੀ- ਸਰਕਾਰ ਨੇ ਦੇਸ਼ ’ਚ ਵਿਦੇਸ਼ੀ ਦੂਰਸੰਚਾਰ ਸੇਵਾਦਾਤਾ ਕੰਪਨੀਆਂ ਦੇ ਅੰਤਰਰਾਸ਼ਟਰੀ ਰੋਮਿੰਗ ਸਿਮ ਕਾਰਡ/ਵਿਦੇਸ਼ੀ ਦੂਰਸੰਚਾਰ ਕੰਪਨੀਆਂ ਗਲੋਬਲ ਕਾਲਿੰਗ ਕਾਰਡ ਵੇਚਣ ਵਾਲੀਆਂ ਇਕਾਈਆਂ ਲਈ ਕਸਟਮਰ ਕੇਅਰ ਸੇਵਾ/ਸੰਪਰਕ ਨੰਬਰ, ਟੈਰਿਫ ਪਲਾਨ ਆਦਿ ਦੀ ਜਾਣਕਾਰੀ ਅਤੇ ਸੂਚਨਾ ਦੇ ਨਾਲ ਬਿੱਲ ਭੇਜਣ ਦੀ ਵਿਵਸਥਾ ਲਾਜ਼ਮੀ ਕਰ ਦਿੱਤੀ ਹੈ। ਅਜਿਹੀਆਂ ਇਕਾਈਆਂ ਨੂੰ ਸ਼ਿਕਾਇਤ ਨਿਪਟਾਰਾ ਵਿਵਸਥਾ ਵੀ ਕਰਨੀ ਹੋਵੇਗੀ।
ਦੂਰਸੰਚਾਰ ਵਿਭਾਗ ਦੇ ਇਕ ਇਸ਼ਤਿਹਾਰ ’ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਨੀਤੀਆਂ ’ਚ ਸੁਧਾਰ ਦਾ ਇਹ ਕਦਮ ਵਿਦੇਸ਼ ਯਾਤਰਾ ਲਈ ਅਜਿਹੇ ਕਾਰਡ ਖਰੀਦਣ ਵਾਲੇ ਗਾਹਕਾਂ ਦੇ ਹਿੱਤ ਦੀ ਸੁਰੱਖਿਆ ਲਈ ਚੁੱਕਿਆ ਗਿਆ ਹੈ। ਬਿਆਨ ’ਚ ਕਿਹਾ ਗਿਆ, ‘‘ਦੂਰਸੰਚਾਰ ਖੇਤਰ ’ਚ ਸ਼ੁਰੂ ਕੀਤੇ ਗਏ ਨੀਤੀਗਤ ਸੁਧਾਰਾਂ ਦੇ ਤਹਿਤ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਭਾਰਤ ’ਚ ਵਿਦੇਸ਼ੀ ਆਪ੍ਰੇਟਰਾਂ ਦੇ ਇੰਟਰਨੈਸ਼ਨਲ ਰੋਮਿੰਗ ਸਿਮ ਕਾਰਡ/ਗਲੋਬਲ ਕਾਲਿੰਗ ਕਾਰਡ ਦੀ ਵਿਕਰੀ/ਕਿਰਾਏ ਲਈ ਇਤਰਾਜਹੀਣਤਾ ਦਾ ਸਰਟੀਫਿਕੇਟ (ਐੱਨ. ਓ. ਸੀ.) ਨੂੰ ਜਾਰੀ/ਨਵਿਆਉਣ ਲਈ ਸੋਧੇ ਨਿਯਮ ਅਤੇ ਸ਼ਰਤਾਂ ਨੂੰ ਜਾਰੀ ਕੀਤਾ ਹੈ।’’
ਬਿਆਨ ਅਨੁਸਾਰ ਸੋਧੀ ਨੀਤੀ ਦੇ ਤਹਿਤ ਐੱਨ. ਓ. ਸੀ. ਧਾਰਕਾਂ ਨੂੰ ਗਾਹਕ ਸੇਵਾ, ਸੰਪਰਕ ਵੇਰਵਾ, ਐਸਕੇਲੇਸ਼ਨ ਮੈਟ੍ਰਿਕਸ, ਮੱਦ ਵਾਰ ਬਿੱਲਾਂ, ਟੈਰਿਫ ਯੋਜਨਾਵਾਂ ਅਤੇ ਪ੍ਰਸਤਾਵਿਤ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨੀ ਲਾਜ਼ਮੀ ਹੋਵੇਗੀ। ਇਸ ’ਚ ਦੂਰਸੰਚਾਰ ਵਿਭਾਗ ’ਚ ਅਪੀਲੇ ਅਧਿਕਾਰੀ ਦੀ ਵਿਵਸਥਾ ਦੇ ਨਾਲ ਐੱਨ. ਓ. ਸੀ. ਧਾਰਕਾਂ ਦੀਆਂ ਸ਼ਿਕਾਇਤਾਂ ਨੂੰ ਸਮਾਂਬੱਧ ਹੱਲ ਦੀ ਸਹੂਲਤ ਪ੍ਰਦਾਨ ਕਰਨ ਲਈ ਬਿਲਿੰਗ ਅਤੇ ਖਪਤਕਾਰ ਸ਼ਿਕਾਇਤ ਨਿਪਟਾਰਾ ਤੰਤਰ ਨੂੰ ਮਜ਼ਬੂਤ ਬਣਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਸੋਧੀ ਨੀਤੀ ਐੱਨ. ਓ. ਸੀ. ਧਾਰਕਾਂ ਦੇ ਮੁੱਦਿਆਂ ਦੇ ਹੱਲ/ਪ੍ਰਬੰਧਨ ’ਚ ਸਹਾਇਤਾ ਪ੍ਰਦਾਨ ਕਰਨ ਲਈ ਦੂਰਸੰਚਾਰ ਵਿਭਾਗ ’ਚ ਹੋਰ ਲਾਇਸੰਸਾਂ/ਰਜਿਸਟ੍ਰੇਸ਼ਨਾਂ ਦੇ ਬਰਾਬਰ ਐੱਨ. ਓ. ਸੀ. ਧਾਰਕਾਂ ਲਈ ਅਰਜ਼ੀ ਪ੍ਰਕਿਰਿਆ/ਹੋਰ ਪ੍ਰਕਿਰਿਆਵਾਂ ਨੂੰ ਵੀ ਆਸਾਨ ਬਣਾਉਂਦੀ ਹੈ।
ਭਾਰਤ ’ਚ ਵਿਦੇਸ਼ੀ ਆਪ੍ਰੇਟਰਾਂ ਦੇ ਇੰਟਰਨੈਸ਼ਨਲ ਰੋਮਿੰਗ ਸਿਮ ਕਾਰਡ/ਗਲੋਬਲ ਕਾਲਿੰਗ ਕਾਰਡ ਦੀ ਵਿਕਰੀ/ਕਿਰਾਏ ਬਾਰੇ ਟਰਾਈ ਦੀ ਖੁਦ ਲਈਆਂ ਗਈਆਂ ਸਿਫਾਰਸ਼ਾਂ ਦੇ ਬਾਰੇ ਸਲਾਹ-ਮਸ਼ਵਰੇ ਤੋਂ ਬਾਅਦ ਸੋਧੇ ਨਿਯਮ ਅਤੇ ਸ਼ਰਤਾਂ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦਾ ਮਕਸਦ ਵਿਦੇਸ਼ ਜਾਣ ਵਾਲੇ ਭਾਰਤੀ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਨ ਦੇ ਸਿਸਟਮ ਨੂੰ ਮਜ਼ਬੂਤ ਬਣਾਉਣਾ ਅਤੇ ਹੋਰ ਲਾਇਸੰਸਾਂ/ਰਜਿਸਟ੍ਰੇਸ਼ਨਾਂ ਵਾਂਗ ਪ੍ਰਕਿਰਿਆਵਾਂ ਨੂੰ ਵੀ ਆਸਾਨ ਬਣਾਉਣਾ ਹੈ।