ਹੁਣ ਸਵਿਗੀ ਤੋਂ ਮੰਗਵਾ ਸਕੋਗੇ ਗਲੀ 'ਚ ਮਿਲਣ ਵਾਲੇ ਗੋਲ-ਗੱਪੇ ਤੇ ਕੁਲਚੇ-ਛੋਲੇ
Monday, Oct 05, 2020 - 11:49 PM (IST)
ਨਵੀਂ ਦਿੱਲੀ- ਤਾਲਾਬੰਦੀ ਦੌਰਾਨ ਲੋਕਾਂ ਨੇ ਸ਼ਹਿਰ ਦੇ ਕੋਨਿਆਂ 'ਤੇ ਮਿਲਣ ਵਾਲੇ ਗੋਲ ਗੱਪੇ, ਕੁਲਚੇ-ਛੋਲੇ, ਚਾਟ ਤੇ ਮੂੰਹ ਵਿਚ ਪਾਣੀ ਲਿਆਉਣ ਵਾਲੇ 'ਸਟ੍ਰੀਟ ਫੂਡਜ਼' ਨੂੰ ਬਹੁਤ ਯਾਦ ਕੀਤਾ। ਜਲਦ ਹੀ ਦਿੱਲੀ, ਅਹਿਮਦਾਬਾਦ, ਚੇਨੱਈ, ਇੰਦੌਰ ਅਤੇ ਵਾਰਾਣਸੀ ਵਰਗੇ ਸ਼ਹਿਰਾਂ ਵਿਚ ਲੋਕ ਇਨ੍ਹਾਂ ਖਾਣਿਆਂ ਦਾ ਘਰ ਬੈਠੇ ਆਨਲਾਈਨ ਆਰਡਰ ਕਰ ਸਕਣਗੇ ਅਤੇ ਪਰਿਵਾਰ ਵਿਚ ਬੈਠ ਖਾਣ ਦਾ ਆਨੰਦ ਲੈ ਸਕਣਗੇ।
ਇਸ ਲਈ ਸ਼ਹਿਰੀ ਵਿਕਾਸ ਮੰਤਰਾਲੇ ਨੇ ਆਨਲਾਈਨ ਖਾਣਾ ਡਲਿਵਰੀ ਕਰਨ ਵਾਲੀ ਕੰਪਨੀ ਸਵਿਗੀ ਨਾਲ ਹੱਥ ਮਿਲਾਇਆ ਹੈ।
ਉਕਤ 5 ਸ਼ਹਿਰਾਂ ਵਿਚ ਇਸ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ, ਜਿੱਥੇ 250 ਸਟ੍ਰੀਟ ਫੂਡ ਵਾਲਿਆਂ ਨੂੰ ਕੰਪਨੀ ਦੇ ਮੰਚ ਨਾਲ ਜੋੜਿਆ ਗਿਆ ਹੈ। ਸਫਲ ਰਹਿਣ 'ਤੇ ਪ੍ਰਾਜੈਕਟ ਨੂੰ ਦੇਸ਼ ਦੇ ਹੋਰ ਸ਼ਹਿਰਾਂ ਵਿਚ ਵੀ ਲਾਗੂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਸਵੈ-ਨਿਰਭਰ ਫੰਡ ਯੋਜਨਾ ਤਹਿਤ ਚੁੱਕੇ ਗਏ ਇਸ ਕਦਮ ਨਾਲ ਗਾਹਕ ਵਧਣਗੇ ਅਤੇ ਕਾਰੋਬਾਰ ਵਿਚ ਵਧਾਉਣ ਵਿਚ ਮਦਦ ਮਿਲੇਗੀ। ਮੰਤਰਾਲੇ ਦੇ ਸਾਂਝੇ ਸਕੱਤਰ ਸੰਜੈ ਕੁਮਾਰ ਅਤੇ ਸਵਿਗੀ ਦੇ ਮੁੱਖ ਵਿੱਤ ਅਧਿਕਾਰੀ ਰਾਹੁਲ ਬੋਹਰਾ ਨੇ ਇਕ ਵੈਬੀਨਾਰ ਰਾਹੀਂ ਇਸ ਦੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ। ਬਿਆਨ ਮੁਤਾਬਕ ਅਹਿਮਦਾਬਾਦ, ਚੇਨੱਈ, ਦਿੱਲੀ, ਇੰਦੌਰ ਤੇ ਵਾਰਾਣਸੀ ਦੇ ਨਿਗਮ ਕਮਿਸ਼ਨਰਾਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਵਿਚ ਹਿੱਸਾ ਲਿਆ।