ਸ਼ੇਅਰ ਬਾਜ਼ਾਰ : ਸੈਂਸੈਕਸ 1,170 ਅੰਕ ਡਿੱਗਿਆ, ਰਿਲਾਇੰਸ ਦਾ ਸਟਾਕ 4 ਫੀਸਦੀ ਟੁੱਟਿਆ
Monday, Nov 22, 2021 - 04:26 PM (IST)
ਮੁੰਬਈ (ਭਾਸ਼ਾ) - ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨਾਂਸ ਅਤੇ ਕੋਟਕ ਬੈਂਕ ਦੇ ਸ਼ੇਅਰਾਂ 'ਚ ਹੋਏ ਨੁਕਸਾਨ ਕਾਰਨ ਸੋਮਵਾਰ ਨੂੰ ਸੈਂਸੈਕਸ 1,170 ਅੰਕਾਂ ਦੀ ਭਾਰੀ ਗਿਰਾਵਟ 'ਤੇ ਆ ਗਿਆ। BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 1,170.12 ਅੰਕ ਜਾਂ 1.96 ਫੀਸਦੀ ਡਿੱਗ ਕੇ 58,465.89 'ਤੇ ਆ ਗਿਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 348.25 ਅੰਕ ਭਾਵ 1.96 ਫੀਸਦੀ ਡਿੱਗ ਕੇ 17,416.55 'ਤੇ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼ ਨੇ ਸਾਊਦੀ ਅਰਾਮਕੋ ਨਾਲ 15 ਬਿਲੀਅਨ ਡਾਲਰ ਦੇ ਤੇਲ ਰਿਫਾਇਨਰੀ ਅਤੇ ਪੈਟਰੋਕੈਮੀਕਲ ਕਾਰੋਬਾਰ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਲਈ ਪ੍ਰਸਤਾਵਿਤ ਸੌਦਾ ਰੋਕ ਦਿੱਤਾ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ 'ਚ ਚਾਰ ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐੱਨ.ਟੀ.ਪੀ.ਸੀ., ਐੱਸ.ਬੀ.ਆਈ. ਅਤੇ ਟਾਈਟਨ ਦੇ ਸ਼ੇਅਰ ਵੀ ਘਾਟੇ 'ਚ ਬੰਦ ਹੋਏ।
ਦੂਜੇ ਪਾਸੇ ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਪਾਵਰਗਰਿੱਡ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਐਲਕੇਪੀ ਸਕਿਓਰਿਟੀਜ਼ ਖੋਜ ਦੇ ਮੁਖੀ ਐਸ ਰੰਗਨਾਥਨ ਨੇ ਕਿਹਾ, “ਪਿਛਲੇ ਹਫਤੇ ਦੇ ਕਈ ਘਟਨਾਕ੍ਰਮ ਦੇ ਬਾਅਦ ਆਖਰਕਾਰ ਅੱਜ ਬਜ਼ਾਰ ਵਿੱਚ ਗਿਰਾਵਟ ਆ ਗਈ। ਧਾਤਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਦੇ ਸੂਚਕਾਂਕ ਹੇਠਾਂ ਆਏ।'' ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰ ਪ੍ਰਭਾਵਿਤ ਹੋਏ ਹਨ।
ਹੋਰ ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ ਦੇ ਹੈਂਗ ਸੇਂਗ 'ਚ ਗਿਰਾਵਟ ਦਰਜ ਕੀਤੀ ਗਈ। ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਦੱਖਣੀ ਕੋਰੀਆ ਦਾ ਕੋਸਪੀ ਵਧਿਆ। ਯੂਰਪੀ ਬਾਜ਼ਾਰਾਂ 'ਚ ਦੁਪਹਿਰ ਦੇ ਕਾਰੋਬਾਰ 'ਚ ਸਕਾਰਾਤਮਕ ਰੁਖ ਰਿਹਾ। ਇਸ ਦੌਰਾਨ, ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.34 ਫੀਸਦੀ ਵਧ ਕੇ 79.16 ਡਾਲਰ ਪ੍ਰਤੀ ਬੈਰਲ ਹੋ ਗਿਆ।
ਇਹ ਵੀ ਪੜ੍ਹੋ : Paytm ਦਾ ਸ਼ੇਅਰ ਲੈ ਕੇ ਪਛਤਾ ਰਹੇ ਨਿਵੇਸ਼ਕ, ਇਸ਼ੂ ਪ੍ਰਾਈਸ ਤੋਂ 800 ਰੁਪਏ ਟੁੱਟਿਆ ਸਟਾਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।