ਹੁਣ ਮਹਿੰਗਾ ਮਿਲੇਗਾ ਸਟੀਲ, ਤੁਹਾਡੀ ਜੇਬ 'ਤੇ ਵਧਣ ਵਾਲਾ ਹੈ ਬੋਝ
Saturday, Feb 09, 2019 - 10:14 AM (IST)
ਨਵੀਂ ਦਿੱਲੀ— ਬਾਜ਼ਾਰ 'ਚ ਜਲਦ ਹੀ ਸਟੀਲ ਪ੍ਰਾਡਕਟਸ ਮਹਿੰਗੇ ਮਿਲਣਗੇ। ਉੱਥੇ ਹੀ, ਘਰ ਬਣਾਉਣ 'ਚ ਇਸਤੇਮਾਲ ਹੋਣ ਵਾਲਾ ਸਰੀਆ ਵੀ ਮਹਿੰਗਾ ਹੋ ਸਕਦਾ ਹੈ। ਸਟੀਲ ਕੰਪਨੀਆਂ ਨੇ ਕੀਮਤਾਂ 'ਚ 750 ਰੁਪਏ ਪ੍ਰਤੀ ਟਨ ਤਕ ਦਾ ਵਾਧਾ ਕੀਤਾ ਹੈ, ਜੋ 1 ਫਰਵਰੀ ਤੋਂ ਪ੍ਰਭਾਵੀ ਹੋ ਚੁੱਕਾ ਹੈ। ਇਸ ਦੀ ਜਾਣਕਾਰੀ ਰੱਖਣ ਵਾਲੇ ਜੇ. ਐੱਸ. ਡਬਲਿਊ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਰੇਲੂ ਸਟੀਲ ਕੀਮਤਾਂ ਪਹਿਲਾਂ ਵੱਖ-ਵੱਖ ਉਤਪਾਦਾਂ ਦੇ ਆਧਾਰ 'ਤੇ 42,000-44,000 ਰੁਪਏ ਪ੍ਰਤੀ ਟਨ ਦੇ ਦਾਇਰੇ 'ਚ ਸਨ। ਹੁਣ ਸਾਰੇ ਉਤਪਾਦਾਂ ਦੀ ਕੀਮਤ ਲਗਭਗ 750 ਰੁਪਏ ਪ੍ਰਤੀ ਟਨ ਵਧਾਈ ਗਈ ਹੈ।
ਕੌਮਾਂਤਰੀ ਬਾਜ਼ਾਰਾਂ ਦੇ ਰੁਝਾਨਾਂ ਨੂੰ ਦੇਖਦੇ ਹੋਏ ਘਰੇਲੂ ਸਟੀਲ ਉਤਪਾਦਕਾਂ ਨੇ ਕੀਮਤਾਂ 'ਚ ਇਹ ਵਾਧਾ ਕੀਤਾ ਹੈ। ਭਾਰਤ 'ਚ ਜਿੰਦਲ ਸਟੀਲ, ਟਾਟਾ ਸਟੀਲ, ਰਾਸ਼ਟਰੀ ਸਟੀਲ ਨਿਗਮ ਅਤੇ ਭਾਰਤੀ ਸਟੀਲ ਅਥਾਰਟੀ (ਸੇਲ) ਪ੍ਰਮੁੱਖ ਸਟੀਲ ਉਤਪਾਦਕ ਹਨ। ਇੰਡਸਟਰੀ ਮੁਤਾਬਕ, ਘਰੇਲੂ ਬਾਜ਼ਾਰ 'ਚ ਸਟੀਲ ਦੀ ਮਜਬੂਤ ਮੰਗ ਅਤੇ ਕੌਮਾਂਤਰੀ ਰੁਝਾਨ ਹਾਂ-ਪੱਖੀ ਹੋਣ ਨਾਲ ਅਗਲੇ ਘੱਟੋ-ਘੱਟੋ 6 ਮਹੀਨਿਆਂ ਦੌਰਾਨ ਕੀਮਤਾਂ 'ਚ ਤੇਜ਼ੀ ਦਾ ਰੁਖ ਦੇਖਣ ਨੂੰ ਮਿਲ ਸਕਦਾ ਹੈ।
ਬ੍ਰਾਜ਼ੀਲ ਤੇ ਚੀਨ 'ਚ ਘਟਦੇ ਉਤਪਾਦਨ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚਾ ਲੋਹਾ ਮਹਿੰਗਾ ਹੋ ਚੁੱਕਾ ਹੈ। ਇਹ ਇਕ ਪ੍ਰਮੁੱਖ ਕੱਚਾ ਮਾਲ ਹੈ, ਜਿਸ ਦਾ ਇਸਤੇਮਾਲ ਸਟੀਲ ਦੇ ਨਿਰਮਾਣ 'ਚ ਕੀਤਾ ਜਾਂਦਾ ਹੈ। ਕੌਮਾਂਤਰੀ ਬਾਜ਼ਾਰ 'ਚ ਸਟੀਲ ਕੀਮਤਾਂ 40 ਡਾਲਰ ਪ੍ਰਤੀ ਟਨ ਵਧੀਆਂ ਹਨ, ਜਿਸ ਨੂੰ ਦੇਖਦੇ ਹੋਏ ਘਰੇਲੂ ਸਟੀਲ ਉਤਪਾਦਕਾਂ ਨੇ ਵੀ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਥਾਨਕ ਕੱਚੇ ਲੋਹੇ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਮੁਕਾਬਲੇ ਕਮਜ਼ੋਰ ਹਨ। ਛੱਤੀਸਗੜ੍ਹ 'ਚ ਘਰੇਲੂ ਖਾਨਾਂ ਦੇ ਪੱਟੇ ਅਗਲੇ ਸਾਲ ਖਤਮ ਹੋ ਰਹੇ ਹਨ ਅਤੇ ਇਸ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਕੱਚਾ ਮਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਸਰਪਲਸ ਦੀ ਸਥਿਤੀ ਬਣੀ ਹੋਈ ਹੈ ਅਤੇ ਘਰੇਲੂ ਬਾਜ਼ਾਰ 'ਚ ਕੀਮਤਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ।