ਜ਼ਹਿਰੀਲੇ ਧੂੰਏਂ ਦੇ ਗੁਬਾਰ ਨੇ ਵਿਗਾੜਿਆ ਏਅਰ ਕੁਆਲਿਟੀ ਇੰਡੈਕਸ, ਹਸਪਤਾਲਾਂ ’ਚ ਵਧਣ ਲੱਗੀ ਮਰੀਜ਼ਾਂ ਦੀ ਭੀੜ

Saturday, Nov 16, 2024 - 01:17 AM (IST)

ਜ਼ਹਿਰੀਲੇ ਧੂੰਏਂ ਦੇ ਗੁਬਾਰ ਨੇ ਵਿਗਾੜਿਆ ਏਅਰ ਕੁਆਲਿਟੀ ਇੰਡੈਕਸ, ਹਸਪਤਾਲਾਂ ’ਚ ਵਧਣ ਲੱਗੀ ਮਰੀਜ਼ਾਂ ਦੀ ਭੀੜ

ਲੁਧਿਆਣਾ (ਖੁਰਾਣਾ) - ਮਹਾਨਗਰ ’ਚ ਹਰ ਪਾਸੇ ਫੈਲੇ ਧੂੰਏਂ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ, ਹਾਲਾਤ ਇਹ ਹਨ ਕਿ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਨੂੰ ਅੱਖਾਂ ’ਚ ਜਲਣ ਅਤੇ ਸਾਹ ਲੈਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਲੱਗੀ ਹੈ।

ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਕਲੀਨਿਕਾਂ ਅਤੇ ਹਸਪਤਾਲਾਂ ’ਚ ਗਲੇ ’ਚ ਖਾਰਸ਼, ਖੰਘ, ਸਾਹ ਲੈਣ ’ਚ ਤਕਲੀਫ਼, ਅੱਖਾਂ ’ਚ ਜਲਣ ਅਤੇ ਦਮੇ ਦੇ ਮਰੀਜ਼ ਇਲਾਜ ਕਰਵਾਉਣ ਲਈ ਆ ਰਹੇ ਹਨ, ਲੁਧਿਆਣਾ ਦੀ ਹਵਾ ਦੀ ਗੁਣਵੱਤਾ ਦਾ ਇੰਡੈਕਸ 400 ਨੂੰ ਪਾਰ ਕਰ ਗਿਆ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮਾਹਿਰਾਂ ਅਨੁਸਾਰ ਪਟਾਕੇ ਅਤੇ ਪਰਾਲੀ ਨੂੰ ਸਾੜਨ ਕਾਰਨ ਆਸਮਾਨ ’ਚ ਧੂੰਏਂ ਦੇ ਬੱਦਲ ਛਾਏ ਹੋਏ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਮਹਾਨਗਰ ’ਚ ਸਹੀ ਰਫਤਾਰ ਨਾਲ ਹਵਾ ਨਾ ਚੱਲਣ ਕਾਰਨ ਆਸਮਾਨ ’ਚ ਧੂੰਏਂ ਦੇ ਬੱਦਲ ਫੈਲ ਗਏ ਹਨ, ਜਿਸ ਕਾਰਨ ਉਥੇ ਸ਼ਹਿਰੀ ਅਤੇ ਖਾਸ ਕਰ ਕੇ ਪੇਂਡੂ ਖੇਤਰਾਂ ’ਚ ਦਿਨ ਅਤੇ ਸ਼ਾਮ ਨੂੰ ਸੜਕਾਂ ’ਤੇ ਵਿਜ਼ੀਬਿਲਟੀ ਲਗਭਗ ਜ਼ੀਰੋ ਦਰਜ ਕੀਤੀ ਜਾ ਰਹੀ ਹੈ।

ਅਜਿਹੇ ’ਚ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਵਾਹਨ ਚਲਾਉਣ ਅਤੇ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਹਿਤਿਆਤ ਵਜੋਂ ਲੋਕ ਦਿਨ ਵੇਲੇ ਵੀ ਆਪਣੇ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਵਾਹਨ ਚਲਾ ਰਹੇ ਹਨ।

ਪਿਛਲੇ ਇਕ ਹਫ਼ਤੇ ਤੋਂ ਆਸਮਾਨ ’ਚ ਨਹੀਂ ਆਇਆ ਸੂਰਜ ਨਜ਼ਰ
ਕਈ ਦਿਨਾਂ ਤੱਕ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਆਸਮਾਨ ’ਚ ਛਾਏ ਧੂੰਏਂ ਦੇ ਬੱਦਲਾਂ ਕਾਰਨ ਪਿਛਲੇ ਇਕ ਹਫ਼ਤੇ ਤੋਂ ਆਸਮਾਨ ’ਚ ਸੂਰਜ ਵੀ ਸਾਫ ਤੌਰ ’ਤੇ ਨਹੀਂ ਚਮਕ ਰਿਹਾ, ਜਿਸ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ।

ਇਸ ਦੌਰਾਨ ਮੀਂਹ ਪੈਣ ਨਾਲ ਸ਼ਹਿਰ ਵਾਸੀਆਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲਣ ਸਮੇਤ ਕਈ ਖ਼ਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ, ਜਦੋਂਕਿ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਮਾਸਕ ਪਾ ਕੇ, ਐਨਕ ਪਾ ਕੇ ਅਤੇ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਨਿਕਲਣ ਦੀ ਹਦਾਇਤ ਜਾਰੀ ਕੀਤੀ ਗਈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਤਾਇਨਾਤ ਮੌਸਮ ਵਿਭਾਗ ਦੇ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਫਿਲਹਾਲ ਅਗਲੇ 2 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।


author

Inder Prajapati

Content Editor

Related News