ਦੀਵਾਲੀ ਤੋਹਫਾ! ਸਟੋਰਾਂ 'ਤੇ ਵੀ ਖਰੀਦ ਸਕੋਗੇ ਸਸਤੇ 'ਚ ਸਮਾਰਟ ਫੋਨ

10/14/2019 10:28:33 AM

ਮੁੰਬਈ— ਦੀਵਾਲੀ 'ਤੇ ਗਾਹਕਾਂ ਨੂੰ ਰਿਟੇਲ ਸਟੋਰਾਂ 'ਤੇ ਵੀ ਸਮਾਰਟ ਫੋਨ, ਇਲੈਕਟ੍ਰਾਨਿਕ ਸਮਾਨ ਅਤੇ ਕੱਪੜਿਆਂ 'ਤੇ ਡਿਸਕਾਊਂਟ ਮਿਲ ਸਕਦਾ ਹੈ। ਕੰਪਨੀਆਂ ਸੁਸਤ ਬਾਜ਼ਾਰ 'ਚ ਵਿਕਰੀ ਵਧਾਉਣ ਲਈ ਰਿਟੇਲ ਸਟੋਰਾਂ 'ਤੇ ਆਨਲਾਈਨ ਵਰਗੇ ਆਫਰਸ ਦੇਣ ਦੀ ਯੋਜਨਾ ਬਣਾ ਰਹੀਆਂ ਹਨ।

ਰਿਪੋਰਟਾਂ ਮੁਤਾਬਕ, ਵਨਪਲਸ, ਸ਼ਿਓਮੀ, ਰੀਅਲਮੀ, ਟੀ. ਸੀ. ਐੱਲ. ਤੇ ਕੋਡਕ ਵਰਗੇ ਬ੍ਰਾਂਡਜ਼ ਨੇ ਪਿਛਲੇ ਹਫਤੇ ਦੀ ਆਨਲਾਈਨ ਵਿਕਰੀ ਦੀ ਤਰਜ 'ਤੇ ਰਿਟੇਲ ਸਟੋਰਾਂ 'ਤੇ ਵੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਐੱਲ. ਜੀ. ਨੇ ਟੀ. ਵੀ. ਕੀਮਤਾਂ 'ਚ ਹੋਰ ਕਟੌਤੀ ਕੀਤੀ ਹੈ।

 

ਫਿਊਚਰ ਗਰੁੱਪ ਅਤੇ ਲਾਈਫ ਸਟਾਈਲ ਨੇ ਕੱਪੜਿਆਂ 'ਤੇ ਆਨਲਾਈਨ ਜਿੰਨੀ ਹੀ ਛੋਟ ਦਿੱਤੀ ਹੈ। ਰਿਟੇਲ ਸਟੋਰਾਂ 'ਤੇ ਇਲੈਕਟ੍ਰਾਨਿਕ ਸਮਾਨ ਤੇ ਸਮਾਰਟ ਫੋਨਾਂ 'ਤੇ 6-10 ਫੀਸਦੀ ਤੋਂ ਵੱਧ ਛੋਟ ਦਿੱਤੀ ਜਾ ਰਹੀ ਹੈ।
ਉੱਥੇ ਹੀ, ਰੀਅਲਮੀ ਆਨਲਾਈਨ ਤੇ ਰਿਟੇਲ ਸਟੋਰਾਂ 'ਤੇ ਵੱਖ-ਵੱਖ ਛੋਟ ਦੇ ਰਹੀ ਹੈ। ਬਾਜ਼ਾਰ 'ਚ ਸੁਸਤੀ ਤੇ ਵਿਕਰੀ ਘਟਣ ਦੇ ਡਰ ਕਾਰਨ ਕੰਪਨੀਆਂ ਨੇ ਡਿਸਕਾਊਂਟ ਦੇਣਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਈ-ਕਾਮਰਸ ਦਿੱਗਜਾਂ ਵੱਲੋਂ 'ਦਿਵਾਲੀ ਸੇਲ' ਵੀ ਚਲਾਈ ਜਾ ਰਹੀ ਹੈ, ਜੋ 16 ਅਕਤੂਬਰ ਤਕ ਲਈ ਹੈ। ਇਸ ਤੋਂ ਪਹਿਲਾਂ ਵੀ ਹਾਲ ਹੀ 'ਚ ਫਲਿੱਪਕਾਰਟ ਤੇ ਐਮਾਜ਼ੋਨ ਨੇ ਸੇਲ ਸ਼ੁਰੂ ਕੀਤੀ ਸੀ। ਈ-ਕਾਮਰਸ 'ਤੇ ਸਮਾਰਟ ਫੋਨ, ਟੀ. ਵੀ. ਤੋਂ ਲੈ ਕੇ ਲਗਭਗ ਹਰ ਸਮਾਨ 'ਤੇ ਛੋਟ ਦਿੱਤੀ ਜਾ ਰਹੀ ਹੈ। ਗਾਹਕਾਂ ਨੂੰ ਕਾਰਡ ਨਾਲ ਸ਼ਾਪਿੰਗ ਕਰਨ 'ਤੇ ਈ. ਐੱਮ. ਆਈ.  ਸੁਵਿਧਾ ਅਤੇ ਵਾਧੂ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਸ ਦੇ ਮੁਕਾਬਲੇ ਰਿਟੇਲ ਸਟੋਰਾਂ 'ਤੇ ਸੀਮਤ ਪ੍ਰਾਡਕਟਸ 'ਤੇ ਹੀ ਛੋਟ ਮਿਲ ਰਹੀ ਹੈ।


Related News