ਅਮਰੀਕਾ-ਈਰਾਨ ਤਣਾਅ ਕਾਰਨ ਸ਼ੇਅਰ ਬਜ਼ਾਰ ਧੜਾਮ, ਸੈਂਸੈਕਸ 788 ਅਤੇ ਨਿਫਟੀ 233 ਅੰਕਾਂ 'ਤੇ ਬੰਦ

01/06/2020 4:17:25 PM

ਮੁੰਬਈ — ਸਾਲ 2020 ਦੇ ਦੂਜੇ ਹਫਤੇ ਸ਼ੇਅਰ ਬਜ਼ਾਰ 'ਚ ਬਹੁਤ ਕੁਝ ਬਦਲਿਆ ਹੈ। ਅਮਰੀਕਾ ਵਲੋਂ ਬਗਦਾਦ 'ਤੇ ਹਮਲੇ ਦਾ ਅਸਰ ਗਲੋਬਲ ਸ਼ੇਅਰ ਮਾਰਕਿਟ 'ਤੇ ਦਿਖਾਈ ਦੇ ਰਿਹਾ ਹੈ। ਨਿਵੇਸ਼ਕਾਂ ਦਾ ਹੌਸਲਾਂ ਡਗਮਗਾ ਰਿਹਾ ਹੈ। ਇਸ ਦੇ ਅਸਰ ਨਾਲ ਭਾਰਤੀ ਸ਼ੇਅਰ ਬਜ਼ਾਰ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਸ਼ੇਅਰ ਬਜ਼ਾਰ 'ਚ ਗਿਰਾਵਟ ਸਾਰਾ ਦਿਨ ਹਾਵੀ ਰਹੀ ਅਤੇ ਨਿਵੇਸ਼ਕਾਂ ਨੇ ਵੱਡੀ ਗਿਣਤੀ 'ਚ ਵਿਕਰੀ ਨੂੰ ਤਰਜੀਹ ਦਿੱਤੀ।

ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ 787.98 ਅੰਕ ਯਾਨੀ ਕਿ (1.90%) ਦੀ ਗਿਰਾਵਟ ਨਾਲ 40,676.63 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 233.60 ਅੰਕ ਯਾਨੀ ਕਿ (1.91%) ਦੀ ਗਿਰਾਵਟ ਨਾਲ 11,993.05 'ਤੇ ਬੰਦ ਹੋਇਆ। ਕਰੀਬ 260 ਸ਼ੇਅਰਾਂ 'ਚ ਤੇਜ਼ੀ ਅਤੇ 661 ਸ਼ੇਅਰਾਂ 'ਚ ਗਿਰਾਵਟ ਦੇਖੀ ਗਈ।  

ਅੱਜ ਨਿਫਟੀ 'ਚ 4 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦੇ 50 ਸ਼ੇਅਰਾਂ ਵਿਚੋਂ 48 ਸ਼ੇਅਰਾਂ ਵਿਚ ਗਿਰਾਵਟ ਨਜ਼ਰ ਆ ਰਹੀ ਹੈ। ਬੈਂਕ ਨਿਫਟੀ ਦੇ ਸਾਰੇ 12 ਸ਼ੇਅਰਾਂ ਵਿਚ ਵਿਕਰੀ ਦਾ ਮਾਹੌਲ ਰਿਹਾ।  

ਅਮਰੀਕਾ ਤਣਾਅ ਦਾ ਅਸਰ ਸਿਰਫ ਸ਼ੇਅਰ ਬਜ਼ਾਰ ਹੀ ਨਹੀਂ ਸਗੋਂ ਕੱਚੇ ਤੇਲ ਅਤੇ ਕਰੰਸੀ 'ਤੇ ਵੀ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਬ੍ਰੇਂਟ ਕਰੂਡ ਦਾ ਭਾਅ 2.9 ਫੀਸਦੀ ਵਧ ਕੇ 70.59 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ। ਇਸ ਦੇ ਅਸਰ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 31 ਪੈਸੇ ਕਮਜ਼ੋਰ ਹੋ ਕੇ 72.11 ਤੱਕ ਫਿਸਲ ਗਿਆ ਜਿਹੜਾ ਕਿ ਸ਼ੁੱਕਰਵਾਰ ਨੂੰ 71.80 'ਤੇ ਬੰਦ ਹੋਇਆ ਸੀ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਆਈ.ਟੀ., ਫਾਰਮਾ, ਮੈਟਲ, ਰੀਅਲਟੀ, ਮੀਡੀਆ, ਪ੍ਰਾਈਵੇਟ ਬੈਂਕ ਅਤੇ ਆਟੋ ਸ਼ਾਮਲ ਹੈ।

ਇਨ੍ਹਾਂ ਸ਼ੇਅਰਾਂ 'ਚ ਰਹੀ ਤੇਜ਼ੀ

ਵਾਧੇ ਵਾਲੇ ਪ੍ਰਮੁੱਖ ਸ਼ੇਅਰਾਂ ਵਿਚ ਅਡਾਣੀ ਪੋਰਟਸ, ਟੀ.ਸੀ.ਐਸ., ਇੰਫੋਸਿਸ, ਓ.ਐਨ.ਜੀ.ਸੀ. ਅਤੇ ਟਾਈਟਨ ਸ਼ਾਮਲ ਰਹੇ। 

ਇਨ੍ਹਾਂ ਸ਼ੇਅਰਾਂ 'ਚ ਰਹੀ ਗਿਰਾਵਟ

ਕਰੂਰ ਵੈਸ਼ਯ ਬੈਂਕ, ਬਜਾਜ ਫਾਇਨਾਂਸ, ਪਾਵਰ ਗ੍ਰਿਡ, ਏਸ਼ੀਅਨ ਪੇਂਟਸ, ਕੋਲ ਇੰਡੀਆ ਅਤੇ ਬੀ.ਪੀ.ਸੀ.ਐਲ.

ਸ਼ੁੱਕਰਵਾਰ ਨੂੰ ਹੋਇਆ ਸੀ ਈਰਾਕ 'ਤੇ ਹਮਲਾ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਈਰਾਕ ਦੇ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਸਟ੍ਰਾਈਕ ਕਾਰਨ ਦੁਨੀਆ ਭਰ ਦੇ ਸ਼ੇਅਰ ਬਜ਼ਾਰ 'ਚ ਹਲਚਲ ਪੈਦਾ ਹੋ ਗਈ ਸੀ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 162.03 ਅੰਕ ਫਿਸਲ ਕੇ 41,464.61 ਅੰਕ ਦੇ ਪੱਧਰ 'ਤੇ ਬੰਦ ਹੋਇਆ ਸੀ।

ਇਸ ਦੇ ਨਾਲ ਹੀ ਨਿਫਟੀ ਦੀ ਗੱਲ ਕਰੀਏ ਤਾਂ 55.55 ਅੰਕ 0.45 ਫੀਸਦੀ ਦੀ ਗਿਰਾਵਟ ਦੇ ਨਾਲ 12,226.65 ਅੰਕ 'ਤੇ ਰਿਹਾ। ਸੈਂਸੈਕਸ ਦੀ ਕੰਪਨੀਆਂ 'ਚ ਏਸ਼ੀਅਨ ਪੇਂਟਸ 'ਚ ਸਭ ਤੋਂ ਜ਼ਿਆਦਾ 2.16 ਫੀਸਦੀ ਦੀ ਗਿਰਾਵਟ ਦੇਖੀ ਗਈ। ਇਸ ਦੇ ਨਾਲ ਹੀ ਐਕਸਿਸ ਬੈਂਕ, ਬਜਾਜ ਆਟੋ, ਭਾਰਤੀ ਸਟੇਟ ਬੈਂਕ, ਐਨ.ਟੀ.ਪੀ.ਸੀ.  ਬਜਾਜ ਫਾਇਨਾਂਸ 'ਚ ਵੀ ਗਿਰਾਵਟ ਰਹੀ। ਕਾਰੋਬਾਰੀਆਂ ਨੇ ਕਿਹਾ ਕਿ ਈਰਾਨ ਦੇ ਟਾਪ ਅਧਿਕਾਰੀ ਕਾਸਿਮ ਸੁਲੇਮਾਨੀ ਦੇ ਅਮਰੀਕਾ ਵਲੋਂ ਕੀਤੇ ਇਕ ਹਵਾਈ ਹਮਲੇ 'ਚ ਈਰਾਕ 'ਚ ਮਾਰੇ ਜਾਣ ਕਾਰਨ ਵਧੇ ਜੋਖਮ ਨੂੰ ਲੈ ਕੇ ਨਿਵੇਸ਼ਕਾਂ ਨੇ ਸੰਵੇਦਨਸ਼ੀਲ ਸੇਅਰਾਂ ਦੀ ਸੂਚੀ ਬਣਾਈ ਹੈ। 

 


Related News